Historical Hindu temples in Pakistan fall victim to official neglect; worship takes place in only 3 out of 39
ਪਾਕਿਸਤਾਨ ‘ਚ ਸਰਕਾਰੀ ਅਣਦੇਖੀ ਦੀ ਭੇਟ ਚੜ੍ਹੇ ਇਤਿਹਾਸਕ ਹਿੰਦੂ ਮੰਦਰ, 39 ‘ਚੋਂ ਸਿਰਫ਼ 3 ‘ਚ ਹੀ ਹੁੰਦੀ ਹੈ ਪੂਜਾ
ਗੁਰਦਾਸਪੁਰ/ਰਾਵਲਪਿੰਡੀ (ਆਵਾਜ਼ਿ ਕੌਮ ਬਿਊਰੋ)-ਰਾਵਲਪਿੰਡੀ ਦੇ ਸ਼ਹਿਰੀ ਇਲਾਕੇ ’ਚ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਇਕ ਹਿੰਦੂ ਮੰਦਰ ਦਾ ਉੱਚਾ ਸ਼ਿਖਰ ਸ਼ਹਿਰ ਦੇ ਸਾਂਝੇ ਧਾਰਮਿਕ ਅਤੀਤ ਦੀ ਯਾਦ ਦਿਵਾਉਂਦਾ ਹੈ। 19ਵੀਂ ਸਦੀ ਦਾ ਇਹ ਮੰਦਰ ਰਾਜਾ ਬਾਜ਼ਾਰ ਇਲਾਕੇ ’ਚ ਬਣਿਆ ਹੋਇਆ ਹੈ ਅਤੇ ਬਹੁਤ ਖ਼ਸਤਾ ਹਾਲਤ ’ਚ ਹੈ। ਇਹ ਬੰਦ ਪਿਆ ਧਾਰਮਿਕ ਅਸਥਾਨ ਰਾਵਲਪਿੰਡੀ ਦੇ ਬਚੇ ਹੋਏ 39 ਹਿੰਦੂ ਮੰਦਰਾਂ ’ਚੋਂ ਇਕ ਹੈ, ਜਿਨ੍ਹਾਂ ’ਚੋਂ ਸਿਰਫ਼ 3 ਹੀ ਸ਼ਹਿਰ ਦੇ ਘਟਦੇ ਹਿੰਦੂ ਭਾਈਚਾਰੇ ਦੀ ਸੇਵਾ ਕਰ ਰਹੇ ਹਨ, ਜਦਕਿ ਬਾਕੀਆਂ ਨੂੰ ਘਰਾਂ, ਦੁਕਾਨਾਂ ਅਤੇ ਹੋਰ ਥਾਵਾਂ ’ਚ ਬਦਲ ਦਿੱਤਾ ਗਿਆ ਹੈ। ਇਸ ਹਿੰਦੂ ਮੰਦਰ ਦੀਆਂ ਟੁੱਟੀਆਂ-ਭੱਜੀਆਂ ਕੰਧਾਂ ਦੀਆਂ ਤਰੇੜਾਂ ’ਚੋਂ ਛੋਟੇ ਦਰੱਖ਼ਤ ਉੱਗ ਆਏ ਹਨ ਅਤੇ ਅਸਲੀ ਖਿੜਕੀਆਂ ਨੂੰ ਇੱਟਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਰਾਵਲਪਿੰਡੀ ’ਚ ਇਕ ਭਗਵਾਨ ਸ਼੍ਰੀ ਕ੍ਰਿਸ਼ਨ ਮੰਦਰ ਨੂੰ ਵੀ ਰਿਹਾਇਸ਼ ਵਜੋਂ ਵਰਤਿਆ ਜਾ ਰਿਹਾ ਹੈ। ਕਈ ਪੁਰਾਣੇ ਹਿੰਦੂ ਪੂਜਾ ਅਸਥਾਨ ਖੰਡਰ ਬਣ ਚੁੱਕੇ ਹਨ। ਰਹਿਣ ਦੀਆਂ ਥਾਵਾਂ ਤੋਂ ਇਲਾਵਾ, ਉਨ੍ਹਾਂ ਨੂੰ ਗੋਦਾਮਾਂ (ਵੇਅਰਹਾਊਸ) ਅਤੇ ਸਕੂਲਾਂ ਵਜੋਂ ਵੀ ਦੁਬਾਰਾ ਵਰਤਿਆ ਗਿਆ ਹੈ। ਵੰਡ ਤੋਂ ਬਾਅਦ ਜਦੋਂ ਘਰਾਂ ਦੀ ਘਾਟ ਬਹੁਤ ਜ਼ਿਆਦਾ ਹੋ ਗਈ ਤਾਂ ਸਰਕਾਰ ਨੇ ਕੁਝ ਮੁਸਲਿਮ ਪਰਿਵਾਰਾਂ ਨੂੰ ਕਈ ਮੰਦਰ ਘਰਾਂ ਦੇ ਤੌਰ ’ਤੇ ਦੇਣੇ ਸ਼ੁਰੂ ਕਰ ਦਿੱਤੇ। ਰਾਵਲਪਿੰਡੀ ਦੇ ਬੰਦ ਪਏ ਹਿੰਦੂ ਮੰਦਰਾਂ ਬਾਰੇ ਗੱਲ ਕਰਦਿਆਂ ਮੰਦਰ ਦੇ 74 ਸਾਲਾ ਪੁਜਾਰੀ ਮੀਰ ਚੰਦ ਖੋਖਰ ਨੇ ਕਿਹਾ ਕਿ ਜੇਕਰ ਸਰਕਾਰ ਸਾਨੂੰ ਇਹ ਮੰਦਰ ਸੌਂਪ ਦੇਵੇ ਤਾਂ ਅਸੀਂ ਇਨ੍ਹਾਂ ਨੂੰ ਮੁੜ ਪੂਜਾ-ਅਰਚਨਾ ਲਈ ਸ਼ੁਰੂ ਕਰ ਸਕਦੇ ਹਾਂ।

