Major reshuffle in Mohali Police; several DSPs in the district transferred—read who has been assigned where
ਮੋਹਾਲੀ ਪੁਲਸ ‘ਚ ਵੱਡਾ ਫੇਰਬਦਲ, ਜ਼ਿਲ੍ਹੇ ਦੇ ਕਈ DSP ਬਦਲੇ, ਪੜ੍ਹੋ ਕਿਸ ਦੀ ਕਿੱਥੇ ਲਾਈ ਡਿਊਟੀ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਪੰਜਾਬ ਪੁਲਸ ’ਚ 274 ਏ. ਐੱਸ. ਪੀ. ਅਤੇ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲਿਆਂ ਤੋਂ ਬਾਅਦ ਜ਼ਿਲ੍ਹੇ ਦੇ ਪੁਲਸ ਪ੍ਰਸ਼ਾਸਨ ’ਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ। ਜ਼ਿਲ੍ਹੇ ’ਚ ਡੀ. ਐੱਸ. ਪੀ. ਪੱਧਰ ਦੇ ਕਈ ਅਧਿਕਾਰੀਆਂ ਦੇ ਅਹੁਦੇ ਬਦਲਣ ਦੇ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਫੇਰਬਦਲ ਤਹਿਤ ਡੇਰਾਬੱਸੀ, ਮੋਹਾਲੀ ਸਿਟੀ-1 ਅਤੇ ਸਿਟੀ-2, ਡਿਟੈਕਟਿਵ, ਹੈੱਡਕੁਆਰਟਰ, ਐੱਨ. ਆਰ. ਆਈ. ਵਿੰਗ ਸਮੇਤ ਕਈ ਅਹਿਮ ਸ਼ਾਖਾਵਾਂ ਦੀ ਜ਼ਿੰਮੇਵਾਰੀ ਨਵੇਂ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਹੁਣ ਤੱਕ ਡੀ. ਐੱਸ. ਪੀ. ਹੈੱਡਕੁਆਰਟਰ ਮੋਹਾਲੀ ਦੀ ਜ਼ਿੰਮੇਵਾਰੀ ਨਿਭਾ ਰਹੇ ਵਰਿੰਦਰ ਸਿੰਘ ਖੋਸਾ ਨੂੰ ਡੇਰਾਬੱਸੀ ਸਬ-ਡਵੀਜ਼ਨ ਦਾ ਡੀ. ਐੱਸ. ਪੀ. ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੋਹਾਲੀ ਸਿਟੀ-2 ’ਚ ਤਾਇਨਾਤ ਹਰਸਿਮਰਨ ਸਿੰਘ ਬਲ ਨੂੰ ਡੀ. ਐੱਸ. ਪੀ. ਐੱਨ. ਆਰ. ਆਈ. ਮੋਹਾਲੀ ਲਾਇਆ ਗਿਆ ਹੈ। ਸਿਟੀ-1 ਦੇ ਡੀ. ਐੱਸ. ਪੀ. ਗੁਰਚਰਨ ਸਿੰਘ ਦਾ ਤਬਾਦਲਾ ਖੰਨਾ ਕਰ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਥਾਂ ’ਤੇ ਅਜੇ ਕਿਸੇ ਨਵੇਂ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। ਜਲੰਧਰ ’ਚ ਏ. ਸੀ. ਪੀ. ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਵਜੋਂ ਸੇਵਾਵਾਂ ਨਿਭਾ ਰਹੇ ਗੁਰਪ੍ਰੀਤ ਸਿੰਘ ਨੂੰ ਮੋਹਾਲੀ ਸਿਟੀ-2 ਦਾ ਡੀ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਏ.ਸੀ.ਪੀ. ਸਾਹਨੇਵਾਲ ਵਜੋਂ ਤਾਇਨਾਤ ਇੰਦਰਜੀਤ ਸਿੰਘ ਨੂੰ ਮੋਹਾਲੀ ਦਾ ਡੀ.ਐੱਸ.ਪੀ. ਹੈੱਡਕੁਆਰਟਰ ਲਾਇਆ ਗਿਆ ਹੈ। ਡੀ. ਐੱਸ. ਪੀ. ਡਿਟੈਕਟਿਵ ਵਜੋਂ ਤਾਇਨਾਤ ਰਾਜਨ ਪਰਮਿੰਦਰ ਸਿੰਘ ਨੂੰ ਏ. ਜੀ. ਟੀ. ਐੱਫ. ’ਚ ਡੀ. ਐੱਸ. ਪੀ. ਲਾਇਆ ਗਿਆ ਹੈ। ਉਨ੍ਹਾਂ ਦੀ ਥਾਂ ਲੁਧਿਆਣਾ ਤੋਂ ਬਦਲ ਕੇ ਆਏ ਬੇਅੰਤ ਕੁਮਾਰ ਡੀ.ਐੱਸ.ਪੀ. ਡਿਟੈਕਟਿਵ ਮੋਹਾਲੀ ਦੀ ਜ਼ਿੰਮੇਵਾਰੀ ਸੰਭਾਲਣਗੇ। ਮੋਹਾਲੀ ’ਚ ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਦੀ ਜ਼ਿੰਮੇਵਾਰੀ ਨਿਭਾ ਰਹੇ ਗੁਰਪ੍ਰੀਤ ਸਿੰਘ ਨੂੰ ਡੀ.ਐੱਸ.ਪੀ. ਐੱਨ.ਡੀ.ਪੀ.ਐੱਸ. ਕਮ ਨਾਰਕੋਟਿਕ ਮੋਹਾਲੀ ਨਿਯੁਕਤ ਕੀਤਾ ਗਿਆ ਹੈ। ਡੀ.ਐੱਸ.ਪੀ. ਕਾਊਂਟਰ ਇੰਟੈਲੀਜੈਂਸ ਪੰਜਾਬ ਸੁਖਜੀਤ ਸਿੰਘ ਨੂੰ ਡੀ.ਐੱਸ.ਪੀ. ਐੱਸ.ਐੱਸ.ਓ.ਸੀ. ਮੋਹਾਲੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੋਰਿੰਡਾ ਤੋਂ ਬਦਲ ਕੇ ਆਏ ਡੀ.ਐੱਸ.ਪੀ. ਗੁਰਜੀਤ ਸਿੰਘ ਨੂੰ ਪੀ.ਬੀ.ਆਈ. ਸਪੈਸ਼ਲ ਕ੍ਰਾਈਮ ਮੋਹਾਲੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਮਰਵੀਰ ਸਿੰਘ ਨੂੰ ਡੀ.ਐੱਸ.ਪੀ. ਸਾਈਬਰ ਕ੍ਰਾਈਮ ਤੇ ਫਾਰੈਂਸਿਕ ਮੋਹਾਲੀ ਨਿਯੁਕਤ ਕੀਤਾ ਗਿਆ ਹੈ। ਪਾਇਲ ਤੋਂ ਬਦਲ ਕੇ ਆਏ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਨੂੰ ਡੀ.ਐੱਸ.ਪੀ. ਏਅਰਪੋਰਟ ਮੋਹਾਲੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਨੂੰ ਡੀ.ਐੱਸ.ਪੀ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮੋਹਾਲੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਡੀ.ਐੱਸ.ਪੀ. ਮੁਰਾਦ ਜਸਵੀਰ ਸਿੰਘ ਗਿੱਲ ਨੂੰ ਇਕਨਾਮਿਕ ਅਫੈਂਸ ਤੇ ਸਾਈਬਰ ਕ੍ਰਾਈਮ ਮੋਹਾਲੀ ਦਾ ਕਾਰਜਭਾਰ ਸੌਂਪਿਆ ਗਿਆ ਹੈ।

