IndiGo flight fails to land three times; passengers left terrified!
3 ਵਾਰ ਨਾਕਾਮ ਹੋਈ ਇੰਡੀਗੋ ਦੇ ਜਹਾਜ਼ ਦੀ ਲੈਂਡਿੰਗ ! ਯਾਤਰੀਆਂ ਦੇ ਸੁੱਕੇ ਸਾਹ
ਰੀਵਾ (ਆਵਾਜ਼ਿ ਕੌਮ ਬਿਊਰੋ)- ਇੰਦੌਰ ਤੋਂ ਰੀਵਾ ਜਾ ਰਹੇ ਇੰਡੀਗੋ ਦੇ ਇਕ ਹਵਾਈ ਜਹਾਜ਼ ਨੂੰ ਸ਼ਨੀਵਾਰ ਹਵਾ ਦੀ ਮਾੜੀ ਸਥਿਤੀ ਕਾਰਨ ਇੱਥੇ ਲੈਂਡਿੰਗ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਇਲਟ ਨੇ 3 ਵਾਰ ਰੀਵਾ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਸ ਕਾਰਨ ਜਹਾਜ਼ ’ਚ ਸਵਾਰ 40 ਤੋਂ ਵੱਧ ਮੁਸਾਫਰਾਂ ਦੇ ਸਾਹ ਸੁੱਕੇ ਰਹੇ। ਲੱਗਭਗ 35 ਮਿੰਟ ਚੱਕਰ ਲਾਉਣ ਤੋਂ ਬਾਅਦ ਜਹਾਜ਼ ਨੂੰ ਵਾਰਾਣਸੀ ਵੱਲ ਮੋੜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਡਾਣ ਨੰਬਰ 6 ਈ-7171 ਇੰਦੌਰ ਤੋਂ ਦੁਪਹਿਰ 1:05 ਵਜੇ ਰਵਾਨਾ ਹੋਈ, ਜੋ ਮਿੱਥੇ ਸਮੇਂ ਤੋਂ ਲੱਗਭਗ 30 ਮਿੰਟ ਪਿੱਛੇ ਸੀ। ਹਵਾ ਦੀ ਦਿਸ਼ਾ ਤੇ ਰਫਤਾਰ ਉਲਟ ਹੋਣ ਕਾਰਨ ਰੀਵਾ ’ਚ ਲੈਂਡਿੰਗ ਸੰਭਵ ਨਹੀਂ ਸੀ। ਵਾਰਾਣਸੀ ਹਵਾਈ ਅੱਡੇ ’ਤੇ ਥੋੜ੍ਹੇ ਸਮੇਂ ਲਈ ਰੁਕਣ ਤੋਂ ਬਾਅਦ ਜਹਾਜ਼ ਨੇ ਰੀਵਾ ਲਈ ਦੁਬਾਰਾ ਉਡਾਣ ਭਰੀ ਅਤੇ ਸੁਰੱਖਿਅਤ ਉਤਰ ਗਿਆ। ਇਸ ਘਟਨਾ ਨੇ ਉਡਾਣ ਦੀ ਸਮਾਂ-ਸਾਰਣੀ ਨੂੰ ਪ੍ਰਭਾਵਿਤ ਕੀਤਾ। ਉਡਾਣ ਸ਼ਾਮ 4:30 ਵਜੇ ਦੀ ਬਜਾਏ ਸ਼ਾਮ 7:32 ਵਜੇ ਇੰਦੌਰ ਪਹੁੰਚੀ। ਇਸ ਕਾਰਨ ਅਹਿਮਦਾਬਾਦ ਜਾਣ ਵਾਲੀ ਉਡਾਣ ਲੱਗਭਗ 3 ਘੰਟੇ 20 ਮਿੰਟ ਦੀ ਦੇਰੀ ਨਾਲ ਰਾਤ 8:20 ਵਜੇ ਰਵਾਨਾ ਹੋਈ।

