Will new medicines and vaccines now be made in space? India preparing for ‘microgravity’ research
ਹੁਣ ਪੁਲਾੜ ’ਚ ਬਣਨਗੀਆਂ ਨਵੀਆਂ ਦਵਾਈਆਂ ਤੇ ਟੀਕੇ? ‘ਮਾਈਕ੍ਰੋਗ੍ਰੈਵਿਟੀ’ ਖੋਜ ਦੀ ਤਿਆਰੀ ’ਚ ਭਾਰਤ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤ ਹੁਣ ਆਪਣੀਆਂ ਪੁਲਾੜ ਸਮਰੱਥਾਵਾਂ ਦੀ ਵਰਤੋਂ ਦਵਾਈਆਂ ਦੇ ਖੇਤਰ ’ਚ ਨਵੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਰਨਾ ਚਾਹੁੰਦਾ ਹੈ। ਇਸ ਦਿਸ਼ਾ ’ਚ ਵਿਗਿਆਨੀਆਂ, ਬਾਇਓਟੈੱਕ ਕੰਪਨੀਆਂ ਅਤੇ ਸਟਾਰਟਅੱਪਸ ਨੇ ਮਾਈਕ੍ਰੋਗ੍ਰੈਵਿਟੀ ਭਾਵ ਬਹੁਤ ਘੱਟ ਗੁਰੂਤਾ-ਆਕਰਸ਼ਣ ਵਾਲੀ ਸਥਿਤੀ ’ਚ ਖੋਜ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਇਸ ਦਾ ਮਕਸਦ ਪੁਲਾੜ ’ਚ ਅਜਿਹੇ ਟੀਕੇ ਤੇ ਦਵਾਈਆਂ ਵਿਕਸਿਤ ਕਰਨਾ ਹੈ, ਜਿਨ੍ਹਾਂ ਨਾਲ ਭਵਿੱਖ ’ਚ ਇਲਾਜ ਦੇ ਬਿਹਤਰ ਬਦਲ ਮਿਲ ਸਕਣ। ਵਿਗਿਆਨੀਆਂ ਦਾ ਮੰਨਣਾ ਹੈ ਕਿ ਪੁਲਾੜ ’ਚ ਮੌਜੂਦ ਮਾਈਕ੍ਰੋਗ੍ਰੈਵਿਟੀ ਦਾ ਵਾਤਾਵਰਣ ਦਵਾਈਆਂ ਦੇ ਵਿਕਾਸ ਨਾਲ ਜੁੜੇ ਕੁਝ ਅਜਿਹੇ ਪ੍ਰਯੋਗਾਂ ਦਾ ਮੌਕਾ ਦੇ ਸਕਦਾ ਹੈ, ਜਿਨ੍ਹਾਂ ਨੂੰ ਧਰਤੀ ’ਤੇ ਕਰਨਾ ਮੁਸ਼ਕਲ ਹੈ। ਦਰਅਸਲ, ਧਰਤੀ ਦਾ ਗੁਰੂਤਾ-ਆਕਰਸ਼ਣ ਪ੍ਰੋਟੀਨ ਕ੍ਰਿਸਟਲ ਬਣਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਇਹ ਕ੍ਰਿਸਟਲ ਪ੍ਰੋਟੀਨ ਦੀ ਅਣੂ ਬਣਤਰ ਨੂੰ ਸਮਝਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੁਲਾੜ ’ਚ ਗੁਰੂਤਾ-ਆਕਰਸ਼ਣ ਦਾ ਪ੍ਰਭਾਵ ਬਹੁਤ ਘੱਟ ਹੋਣ ਕਾਰਨ ਕੁਝ ਪ੍ਰੋਟੀਨ ਕ੍ਰਿਸਟਲ ਜ਼ਿਆਦਾ ਯੋਜਨਾਵੱਧ ਢੰਗ ਨਾਲ ਵਿਕਸਿਤ ਹੋ ਸਕਦੇ ਹਨ। ਇਸ ਨਾਲ ਵਿਗਿਆਨੀ ਉਨ੍ਹਾਂ ਦੀ ਬਣਤਰ ਦਾ ਜ਼ਿਆਦਾ ਬਾਰੀਕੀ ਨਾਲ ਅਧਿਐਨ ਕਰ ਸਕਦੇ ਹਨ। ਇਹ ਜਾਣਕਾਰੀ ਦਵਾਈਆਂ ਦੇ ਡਿਜ਼ਾਈਨ ਤੇ ਨਵੀਆਂ ਇਲਾਜ ਪ੍ਰਣਾਲੀਆਂ ਦੇ ਵਿਕਾਸ ’ਚ ਮਦਦਗਾਰ ਹੋ ਸਕਦੀ ਹੈ। ਬੈਂਗਲੁਰੂ ’ਚ ਆਯੋਜਿਤ ਟੈੱਕ ਸਮਿਟ ’ਚ ਪੁਲਾੜ ’ਚ ਦਵਾਈਆਂ ਦੇ ਨਿਰਮਾਣ ਅਤੇ ਪ੍ਰੀਖਣ ਦੀਆਂ ਸੰਭਾਵਨਾਵਾਂ ’ਤੇ ਵਿਸਥਾਰਤ ਚਰਚਾ ਹੋਈ। ਭਾਰਤ ਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ। ਦੇਸ਼ ਦੁਨੀਆ ਭਰ ’ਚ ਸਸਤੀਆਂ ਦਵਾਈਆਂ ਤੇ ਟੀਕਿਆਂ ਦੀ ਸਪਲਾਈ ਕਰਦਾ ਹੈ। ਹੁਣ ਇਸੇ ਮਜ਼ਬੂਤ ਫਾਰਮਾ ਉਦਯੋਗ ਨੂੰ ਪੁਲਾੜ ਪ੍ਰੋਗਰਾਮ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ।

