GTA 6 being offered for free! People’s accounts are being emptied through this scam—be careful!
ਫ੍ਰੀ ‘ਚ ਮਿਲ ਰਹੀ GTA 6 ! ਆਫ਼ਰ ਦੇ ਕੇ ਲੋਕਾਂ ਦੇ ਖ਼ਾਲੀ ਕੀਤੇ ਜਾ ਰਹੇ Account, ਤੁਸੀਂ ਵੀ ਹੋ ਜਾਓ ਸਾਵਧਾਨ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦੁਨੀਆ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਵੀਡੀਓ ਗੇਮ ’ਚ ਸ਼ਾਮਲ ਗ੍ਰੈਂਡ ਥੈਫਟ ਆਟੋ-6 (ਜੀ. ਟੀ. ਏ.-6) ਦੇ ਬਾਜ਼ਾਰ ’ਚ ਆਉਂਦੇ ਹੀ ਸਾਈਬਰ ਠੱਗ ਸਰਗਰਮ ਹੋ ਗਏ ਹਨ। ਗੇਮ ਦੀ ਮਕਬੂਲੀਅਤ ਦਾ ਫ਼ਾਇਦਾ ਉਠਾ ਕੇ ਅਪਰਾਧੀ ਮੁਫ਼ਤ ਗੇਮ, ਡਿਸਕਾਊਂਟ ਅਤੇ ਐਕਟੀਵੇਸ਼ਨ ਕੋਡ ਦੇਣ ਦੇ ਨਾਂ ’ਤੇ ਖਿਡਾਰੀਆਂ ਨੂੰ ਫਸਾ ਰਹੇ ਹਨ। ਇਨ੍ਹਾਂ ਫ਼ਰਜ਼ੀ ਆਫ਼ਰਾਂ ਰਾਹੀਂ ਗੂਗਲ ਅਕਾਊਂਟ ਦਾ ਪਾਸਵਰਡ ਚੋਰੀ ਕਰਨ ਤੋਂ ਲੈ ਕੇ ਕ੍ਰਿਪਟੋਕਰੰਸੀ ਵਾਲੇਟ ਖਾਲੀ ਕਰਨ ਤੱਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਈਬਰ ਸੁਰੱਖਿਆ ਕੰਪਨੀ ਮਾਲਵੇਅਰਬਾਈਟਸ ਨੇ ਅਜਿਹੇ ਕਈ ਫ਼ਰਜ਼ੀ ਆਨਲਾਈਨ ਪਲੇਟਫਾਰਮਾਂ ਦਾ ਪਤਾ ਲਾਇਆ ਹੈ। ਕੰਪਨੀ ਮੁਤਾਬਕ ਗੇਮ ਦੇ ਸ਼ੌਕੀਨਾਂ ਨੂੰ ਮੁਫ਼ਤ ਜਾਂ ਬੇਹੱਦ ਸਸਤੇ ਆਫ਼ਰ ਦੇ ਲਾਲਚ ’ਚ ਆਪਣੀ ਨਿੱਜੀ ਅਤੇ ਵਿੱਤੀ ਜਾਣਕਾਰੀ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ। ਮਾਲਵੇਅਰਬਾਈਟਸ ਮੁਤਾਬਕ, ਇਕ ਵੈੱਬਸਾਈਟ ਖਿਡਾਰੀਆਂ ਨੂੰ ਜੀ. ਟੀ. ਏ.-6 ਮੁਫ਼ਤ ਦੇਣ ਦਾ ਦਾਅਵਾ ਕਰ ਰਹੀ ਹੈ। ਇਸ ’ਚ ਕਿਸੇ ਲੱਕੀ ਡਰਾਅ ਦੀ ਵੀ ਲੋੜ ਨਹੀਂ ਦੱਸੀ ਗਈ ਹੈ। ਖਿਡਾਰੀਆਂ ਨੂੰ ਸਿਰਫ਼ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹਨ। ਗੇਮ ਦਾ ਪਲੇਟਫਾਰਮ ਚੁਣਨ ਤੋਂ ਬਾਅਦ ਵੈੱਬਸਾਈਟ ਗੂਗਲ ਅਕਾਊਂਟ ਨਾਲ ਲਾਗਇਨ ਕਰਨ ਲਈ ਕਹਿੰਦੀ ਹੈ। ਇਸ ਦੇ ਲਈ ਇਕ ਫ਼ਰਜ਼ੀ ਗੂਗਲ ਸਾਈਨ-ਇਨ ਪੇਜ਼ ਖੋਲ੍ਹਿਆ ਜਾਂਦਾ ਹੈ, ਜੋ ਅਸਲੀ ਵਰਗਾ ਦਿਖਾਈ ਦਿੰਦਾ ਹੈ। ਖਿਡਾਰੀ ਜਿਵੇਂ ਹੀ ਆਪਣਾ ਈ-ਮੇਲ ਅਤੇ ਪਾਸਵਰਡ ਪਾਉਂਦੇ ਹਨ, ਉਨ੍ਹਾਂ ਦੀ ਜਾਣਕਾਰੀ ਠੱਗਾਂ ਤੱਕ ਪਹੁੰਚ ਸਕਦੀ ਹੈ। ਇਸ ਨਾਲ ਨਾ ਸਿਰਫ਼ ਈ-ਮੇਲ, ਸਗੋਂ ਉਸ ਨਾਲ ਜੁੜੇ ਦੂਜੇ ਅਕਾਊਂਟ ਵੀ ਖ਼ਤਰੇ ’ਚ ਪੈ ਸਕਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਠੱਗ ਪਲੇਅ-ਸਟੇਸ਼ਨ-5 ਅਤੇ ਐਕਸਬਾਕਸ ਲਈ ਮੁਫ਼ਤ ਜੀ. ਟੀ. ਏ.-6 ਕੋਡ ਦੇਣ ਵਾਲੇ ਜਨਰੇਟਰ ਵੀ ਚਲਾ ਰਹੇ ਹਨ। ਇਨ੍ਹਾਂ ’ਚ ਖਿਡਾਰੀਆਂ ਨੂੰ ਸਰਵੇ ਭਰਨ, ਸਵਾਲਾਂ ਦੇ ਜਵਾਬ ਦੇਣ ਜਾਂ ਸਪਾਂਸਰਡ ਲਿੰਕਾਂ ’ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਇਸ ਦੇ ਬਦਲੇ ਕਮਾਈ ਵੈੱਬਸਾਈਟ ਸੰਚਾਲਕਾਂ ਨੂੰ ਹੁੰਦੀ ਹੈ ਪਰ ਖਿਡਾਰੀਆਂ ਨੂੰ ਕੋਈ ਅਸਲੀ ਗੇਮ ਕੋਡ ਨਹੀਂ ਮਿਲਦਾ। ਕੁਝ ਵੈੱਬਸਾਈਟਾਂ ਗੇਮ ਨੂੰ ਬਾਜ਼ਾਰੀ ਕੀਮਤ ਤੋਂ ਕਾਫ਼ੀ ਘੱਟ ਭਾਅ ’ਤੇ ਵੇਚਣ ਦਾ ਦਾਅਵਾ ਕਰਦੀਆਂ ਹਨ ਅਤੇ ਭੁਗਤਾਨ ਬੈਂਕ ਟਰਾਂਸਫਰ ਜਾਂ ਕ੍ਰਿਪਟੋਕਰੰਸੀ ਰਾਹੀਂ ਮੰਗਦੀਆਂ ਹਨ। ਅਜਿਹੇ ਭੁਗਤਾਨ ਨੂੰ ਵਾਪਸ ਪਾਉਣਾ ਮੁਸ਼ਕਿਲ ਹੋ ਸਕਦਾ ਹੈ। ਮਾਲਵੇਅਰਬਾਈਟਸ ਨੇ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਜੀ. ਟੀ. ਏ.-6 ਸਿਰਫ਼ ਪਲੇਅ-ਸਟੇਸ਼ਨ ਸਟੋਰ, ਮਾਈਕ੍ਰੋਸਾਫਟ ਸਟੋਰ, ਰੌਕਸਟਾਰ ਸਟੋਰ ਜਾਂ ਅਧਿਕਾਰਤ ਵਿਕਰੇਤਾਵਾਂ ਤੋਂ ਹੀ ਖ਼ਰੀਦੋ। ਕਿਸੇ ਅਣਜਾਣ ਵੈੱਬਸਾਈਟ ’ਤੇ ਗੂਗਲ ਪਾਸਵਰਡ ਦਰਜ ਨਾ ਕਰੋ ਅਤੇ ਨਾ ਹੀ ਕ੍ਰਿਪਟੋ ਵਾਲੇਟ ਕੁਨੈਕਟ ਕਰੋ। ਵੈੱਬਸਾਈਟ ਦੇ ਪਤੇ (ਯੂ. ਆਰ. ਐੱਲ.) ਦੀ ਚੰਗੀ ਤਰ੍ਹਾਂ ਜਾਂਚ ਕਰੋ। ਰੌਕਸਟਾਰ ਮੁਤਾਬਕ, ਗੇਮ ਫ਼ਿਲਹਾਲ ਪਲੇਅ-ਸਟੇਸ਼ਨ-5 ਅਤੇ ਐਕਸਬਾਕਸ ਸੀਰੀਜ਼ ਐਕਸ-ਐੱਸ ਲਈ ਉਪਲੱਬਧ ਹੈ। ਮੁਫ਼ਤ ਮੋਬਾਈਲ ਵਰਜ਼ਨ ਜਾਂ ਅਣ-ਅਧਿਕਾਰਤ ਡਾਊਨਲੋਡ ਦੇ ਦਾਅਵਿਆਂ ਤੋਂ ਵੀ ਬਚਣਾ ਚਾਹੀਦਾ ਹੈ।

