Groom ‘vanishes’ on the wedding day; bride left waiting
ਵਿਆਹ ਵਾਲੇ ਦਿਨ ਲਾੜਾ ‘ਗ਼ਾਇਬ’, ਉਡੀਕਦੀ ਰਹਿ ਗਈ ਲਾੜੀ
ਗੁਰੂਗ੍ਰਾਮ (ਆਵਾਜ਼ਿ ਕੌਮ ਬਿਊਰੋ)-ਹਰਿਆਣਾ ਦੇ ਗੁਰੂਗ੍ਰਾਮ ‘ਚ ਵਿਆਹ ਦੇ ਦਿਨ ਲਾੜੇ ਦੇ ਲਾਪਤਾ ਹੋਣ ਮਗਰੋਂ ਲਾੜੀ ਮੰਡਪ ‘ਚ ਬਾਰਾਤ ਦਾ ਇੰਤਜ਼ਾਰ ਕਰਦੀ ਰਹਿ ਗਈ। ਇਸ ਦੌਰਾਨ ਉਸ ਦੇ ਪਰਿਵਾਰ ਵਾਲੇ ਪਰੇਸ਼ਾਨ ਹੋ ਕੇ ਲਾੜੇ ਦੇ ਪਰਿਵਾਰ ਨੂੰ ਫੋਨ ਕਰਦੇ ਰਹੇ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਇਹ ਘਟਨਾ ਫਰੂਖਨਗਰ ਖੇਤਰ ਦੇ ਮੁਬਾਰਕਪੁਰ ਪਿੰਡ ਦੀ ਹੈ, ਜਿੱਥੇ ਪਿੰਡ ਦੀ ਇਕ ਕੁੜੀ ਦਾ ਵਿਆਹ ਕਾਲਿਆਵਾਸ ਪਿੰਡ ਦੇ ਇਕ ਨੌਜਵਾਨ ਨਾਲ ਤੈਅ ਹੋਇਆ ਸੀ। ਪਿੰਡ ਦੇ ਸਰਪੰਚ ਸਤਬੀਰ ਸਿੰਘ ਨੇ ਦੱਸਿਆ ਕਿ 18 ਨਵੰਬਰ ਨੂੰ ਲਗਨ ਦੀ ਰਸਮ ਹੋਈ ਸੀ ਅਤੇ ਵਿਆਹ 20 ਨਵੰਬਰ ਨੂੰ ਹੋਣਾ ਤੈਅ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ‘ਚ ਕੁੜੀ ਦਾ ਪਰਿਵਾਰ ਵਿਆਹ ਪੰਚਾਇਤ ਭਵਨ ‘ਚ ਕਰਨਾ ਚਾਹੁੰਦਾ ਸੀ, ਪਰ ਜਦੋਂ ਲਾੜੇ ਵਾਲੇ ਪੱਖ ਨੇ ਇਨਕਾਰ ਕਰ ਦਿੱਤਾ, ਤਾਂ ਵਿਆਹ ਦੀ ਰਸਮ ਬਾਰਾਤ ਘਰ ‘ਚ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ। ਵਿਆਹ ਵਾਲੇ ਦਿਨ ਰਿਸ਼ਤੇਦਾਰ ਅਤੇ ਪਿੰਡ ਵਾਸੀ ਸਮਾਰੋਹ ਸਥਾਨ ‘ਤੇ ਇਕੱਠੇ ਹੋਏ। ਸ਼ਾਮ 6 ਵਜੇ ਦੇ ਕਰੀਬ, ਲਾੜੀ ਆਪਣੇ ਵਿਆਹ ਦੇ ਪਹਿਰਾਵੇ ‘ਚ ਸਜੀ ਹੋਈ ਮੰਡਪ ‘ਚ ਬੈਠ ਕੇ ਬਾਰਾਤ ਦਾ ਆਉਣ ਦਾ ਇੰਤਜ਼ਾਰ ਕਰਨ ਲੱਗੀ। ਹਾਲਾਂਕਿ ਨਾ ਤਾਂ ਲਾੜਾ ਪਹੁੰਚਿਆ ਅਤੇ ਨਾ ਹੀ ਬਾਰਾਤ ਆਈ। ਲਾੜੀ ਦੇ ਪਰਿਵਾਰ ਵਾਲਿਆਂ ਅਨੁਸਾਰ ਸਮੇਂ ਬੀਤਣ ਨਾਲ ਉਨ੍ਹਾਂ ਦੀ ਚਿੰਤਾ ਵਧਦੀ ਗਈ। ਉਨ੍ਹਾਂ ਦੇ ਲਾੜੇ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਰਾਤ 9 ਵਜੇ ਤੱਕ ਨਾ ਤਾਂ ਲਾੜਾ ਪਹੁੰਚਿਆ ਅਤੇ ਨਾ ਹੀ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲਾੜੀ ਦੇ ਪਰਿਵਾਰ ਵਾਲੇ ਪਿੰਡ ਦੇ ਸਰਪੰਚ ਨਾਲ ਲਾੜੇ ਦੇ ਘਰ ਪਹੁੰਚੇ। ਉਦੋਂ ਪਤਾ ਲੱਗਾ ਕਿ ਲਾੜਾ ਕਿਸੇ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ ਸੀ। ਲਾੜੇ ਦੇ ਪਰਿਵਾਰ ਨੇ ਦੱਸਿਆ ਕਿ ਉਹ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਪੁਲਸ ਥਾਣੇ ਗਏ ਸਨ, ਇਸ ਲਈ ਲਾੜੀ ਦੇ ਪਰਿਵਾਰ ਵਾਲਿਆਂ ਦੇ ਫੋਨ ਦਾ ਜਵਾਬ ਨਹੀਂ ਦੇ ਸਕੇ। ਸਰਪੰਚ ਨੇ ਦੱਸਿਆ,”ਕੁੜੀ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ। ਉਸ ਦਾ 20 ਸਾਲਾ ਭਰਾ ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਮਾਂ ਵੀ ਦਿਹਾੜੀ ਮਜ਼ਦੂਰੀ ਕਰਦੀ ਹੈ। ਪਰਿਵਾਰ ਨੇ ਕੁੜੀ ਦੇ ਵਿਆਹ ਦਾ ਖਰਚ ਚੁੱਕਣ ਲਈ ਆਪਣੀ ਪੁਸ਼ਤੈਨੀ ਜ਼ਮੀਨ ਤੱਕ ਵੇਚ ਦਿੱਤੀ।” ਉਨ੍ਹਾਂ ਦੱਸਿਆ ਕਿ ਕੁੜੀ ਦੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ‘ਤੇ ਕਰੀਬ 25 ਤੋਂ 30 ਲੱਖ ਰੁਪਏ ਖਰਚ ਕੀਤੇ ਸਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਾੜੀ ਦੇ ਪਰਿਵਾਰ ਨੂੰ ਪਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ‘ਚ ਪੁਲਸ ਨੇ ਦੋਵਾਂ ਪੱਖਾਂ ਨੂੰ 26 ਨਵੰਬਰ ਨੂੰ ਥਾਣੇ ਬੁਲਾਇਆ ਹੈ।

