Law named after a Punjabi man enacted in the US; 150-year-old tradition to end
ਅਮਰੀਕਾ ‘ਚ ਪੰਜਾਬੀ ਮੁੰਡੇ ਦੇ ਨਾਂ ‘ਤੇ ਬਣਿਆ ਕਾਨੂੰਨ, 150 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੇ ਨਾਂ ‘ਤੇ ਬਣੇ ਇਤਿਹਾਸਕ ਕਾਨੂੰਨ ‘ਰੋਮਾਂਚ ਲਾਅ’ ‘ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ‘ਚ 1863 ਤੋਂ ਚੱਲੀ ਆ ਰਹੀ 150 ਸਾਲਾਂ ਤੋਂ ਪੁਰਾਣੀ ਘੋੜਾ-ਗੱਡੀ ਸਵਾਰੀ ਦੀ ਰਵਾਇਤ ਖ਼ਤਮ ਹੋ ਜਾਵੇਗੀ। ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ‘ਚ ਪੈਂਦੇ ਇੰਦਰਾ ਕਲੋਨੀ ਦਾ ਰਹਿਣ ਵਾਲਾ ਰੋਮਾਂਚ ਮਹਾਜਨ ਆਪਣੀ ਹਾਈ ਸਕੂਲ ਗ੍ਰੈਜੂਏਸ਼ਨ ਕੰਪਲੀਟ ਹੋਣ ਦੀ ਖੁਸ਼ੀ ‘ਚ ਆਪਣੇ ਮਾਤਾ-ਪਿਤਾ ਦੀਪਕ ਤੇ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਮਾਣਿਕ ਨਾਲ ਨਿਊਯਾਰਕ ਘੁੰਮਣ ਗਿਆ ਹੋਇਆ ਸੀ। 17 ਜੂਨ, 2026 ਨੂੰ ਸੈਂਟਰਲ ਪਾਰਕ ਦੇ ਚੈਰੀ ਹਿੱਲ ਨੇੜੇ ਉਹ ਇਕ ਘੋੜਾ-ਗੱਡੀ ਦੀ ਸਵਾਰੀ ਕਰ ਰਹੇ ਸਨ। ਉਹ ਫੋਟੋਆਂ ਖਿਚਵਾਉਣ ਲਈ ਇਕ ਥਾਂ ‘ਤੇ ਰੁਕੇ ਤੇ ਡਰਾਈਵਰ ਥੋੜ੍ਹਾ ਪਾਸੇ ਹੋ ਕੇ ਖੜ੍ਹਾ ਹੋ ਗਿਆ। ਇਸੇ ਦੌਰਾਨ ਉਨ੍ਹਾਂ ਦਾ ਘੋੜਾ ਅਚਾਨਕ ਬੇਕਾਬੂ ਹੋ ਕੇ ਭੱਜ ਪਿਆ, ਜਿਸ ਕਾਰਨ ਰੋਮਾਂਚ ਦੀ ਮਾਂ ਹੇਠਾਂ ਡਿੱਗ ਪਈ। ਆਪਣੀ ਮਾਂ ਨੂੰ ਬਚਾਉਣ ਲਈ ਰੋਮਾਂਚ ਨੇ ਵੀ ਚੱਲਦੀ ਗੱਡੀ ‘ਚੋਂ ਛਾਲ ਮਾਰ ਦਿੱਤੀ। ਇਸ ਦੌਰਾਨ ਸਿਰ ‘ਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਜਾਨਵਰਾਂ ਦੀ ਭਲਾਈ ਨੂੰ ਲੈ ਕੇ ਘੋੜਾ-ਗੱਡੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਇਸ ਹਾਦਸੇ ਮਗਰੋਂ ਸਿਟੀ ਕੌਂਸਲ ਮੈਂਬਰ ਕ੍ਰਿਸਟੋਫਰ ਮਾਰਟੇ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਨੂੰ 22 ਅਕਤੂਬਰ ਨੂੰ ਨਿਊਯਾਰਕ ਸਿਟੀ ਕੌਂਸਲ ਨੇ 40 ਵੋਟਾਂ ਨਾਲ ਪਾਸ ਕੀਤਾ ਸੀ ਅਤੇ 19 ਨਵੰਬਰ ਨੂੰ ਮੇਅਰ ਮਮਦਾਨੀ ਨੇ ਇਸ ‘ਤੇ ਦਸਤਖ਼ਤ ਕੀਤੇ। ਇਸ ਕਾਨੂੰਨ ਤਹਿਤ 1 ਜੂਨ, 2028 ਤੱਕ ਨਿਊਯਾਰਕ ਦੀਆਂ ਸੜਕਾਂ ‘ਤੇ ਘੋੜਾ-ਗੱਡੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਮੇਅਰ ਮਮਦਾਨੀ ਨੇ ਰੋਮਾਂਚ ਦੇ ਮਾਪਿਆਂ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਉਸ ਨੂੰ ਇੱਕ ਬੇਹੱਦ ਦਿਆਲੂ, ਲੋਕਾਂ ਦੀ ਮਦਦ ਕਰਨ ਵਾਲਾ ਅਤੇ ਸਨੀਕਰਾਂ ਦਾ ਸ਼ੌਕੀਨ ਨੌਜਵਾਨ ਦੱਸਿਆ, ਜਿਸ ਦੀ ਯਾਦ ਹੁਣ ਜਨਤਕ ਸੁਰੱਖਿਆ ਦੇ ਸੁਧਾਰਾਂ ਦਾ ਪ੍ਰਤੀਕ ਬਣ ਗਈ ਹੈ। ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਲਗਭਗ 200 ਕਾਮੇ, ਜਿਨ੍ਹਾਂ ‘ਚ ਘੋੜਾ ਗੱਡੀਆਂ ਦੇ ਡਰਾਈਵਰ, ਅਸਤਬਲ ਕਾਮੇ ਅਤੇ ਲਾਇਸੈਂਸ ਮਾਲਕ ਪ੍ਰਭਾਵਿਤ ਹੋਣਗੇ। ਪ੍ਰਸ਼ਾਸਨ ਨੇ ਅਪ੍ਰੈਲ 2027 ਤੱਕ ਇਨ੍ਹਾਂ ਕਾਮਿਆਂ ਲਈ ਵਿੱਤੀ ਸਹਾਇਤਾ, ਲਾਇਸੈਂਸ ਵਾਪਸੀ, ਹੋਰ ਕੰਮਾਂ ਦੀ ਟ੍ਰੇਨਿੰਗ ਅਤੇ ਰੁਜ਼ਗਾਰ ਦੀ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ, ਜਦਕਿ ਘੋੜਿਆਂ ਨੂੰ ਪਸ਼ੂ ਭਲਾਈ ਸੰਸਥਾਵਾਂ ਹਵਾਲੇ ਕੀਤਾ ਜਾਵੇਗਾ। ਸੈਂਟਰਲ ਪਾਰਕ ‘ਚ ਇਲੈਕਟ੍ਰਿਕ ਗੱਡੀਆਂ ਅਤੇ ਈ-ਸਾਈਕਲਾਂ ਦੇ ਬਦਲ ਵੀ ਵਿਚਾਰੇ ਜਾ ਰਹੇ ਹਨ। ਹਾਲਾਂਕਿ, ਜਾਨਵਰ ਪ੍ਰੇਮੀ ਸੰਸਥਾਵਾਂ ਵੱਲੋਂ ਇਸ ਕਾਨੂੰਨ ਦੇ ਸਵਾਗਤ ਦੇ ਬਾਵਜੂਦ, ਗੱਡੀ ਚਾਲਕਾਂ ਅਤੇ ‘ਟ੍ਰਾਂਸਪੋਰਟ ਵਰਕਰਜ਼ ਯੂਨੀਅਨ’ ਨੇ ਰੁਜ਼ਗਾਰ ਤੇ ਜਾਇਦਾਦ ਦੇ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਇਸ ਪਾਬੰਦੀ ਨੂੰ ਫੈਡਰਲ ਅਦਾਲਤ ‘ਚ ਚੁਣੌਤੀ ਦਿੱਤੀ ਹੈ।

