Uproar outside Dera Bassi Government Hospital; uncle also attacked following assault on nephew
ਡੇਰਾਬੱਸੀ ਦੇ ਸਰਕਾਰੀ ਹਸਪਤਾਲ ਬਾਹਰ ਹੰਗਾਮਾ, ਭਤੀਜੇ ਮਗਰੋਂ ਚਾਚੇ ‘ਤੇ ਵੀ ਕੀਤਾ ਹਮਲਾ
ਡੇਰਾਬੱਸੀ (ਆਵਾਜ਼ਿ ਕੌਮ ਬਿਊਰੋ)-ਡੇਰਾਬੱਸੀ ਦੇ ਸਰਕਾਰੀ ਸਿਵਲ ਹਸਪਤਾਲ ਦੇ ਮੁੱਖ ਗੇਟ ’ਤੇ ਦੇਰ ਰਾਤ 10 ਤੋਂ 12 ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਇੱਟਾਂ-ਪੱਥਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟ ਦਿੱਤਾ। ਹਮਲੇ ‘ਚ ਨੌਜਵਾਨ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਪੁਲਸ ਥਾਣੇ ਤੋਂ ਮਹਿਜ਼ 200-250 ਮੀਟਰ ਦੀ ਦੂਰੀ ’ਤੇ ਵਾਪਰੀ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਦੀ ਪਛਾਣ ਆਸ਼ੂ ਵਜੋਂ ਹੋਈ ਹੈ, ਜੋ ਬੱਲੋਪੁਰ ਵਿਖੇ ਹੋਏ ਝਗੜੇ ‘ਚ ਗੰਭੀਰ ਜ਼ਖ਼ਮੀ ਹੋਏ ਆਪਣੇ ਭਤੀਜੇ ਵੰਸ਼ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਇਆ ਸੀ। ਦੋਵੇਂ ਲਾਲੜੂ ਮੰਡੀ ਦੇ ਰਹਿਣ ਵਾਲੇ ਹਨ ਅਤੇ ਹਸਪਤਾਲ ‘ਚ ਇਲਾਜ ਅਧੀਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਾਲੜੂ ਨੇੜਲੇ ਪਿੰਡ ਬੱਲੋਪੁਰ ‘ਚ ਸੋਮਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਕੁੱਝ ਨੌਜਵਾਨਾਂ ਨੇ ਲਾਲੜੂ ਮੰਡੀ ਵਾਸੀ ਵੰਸ਼ ’ਤੇ ਕਥਿਤ ਤੌਰ ’ਤੇ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਵੰਸ਼ ਦੀ ਕਮਰ ਅਤੇ ਬਾਂਹ ’ਤੇ ਡੂੰਘੇ ਜ਼ਖ਼ਮ ਹੋ ਗਏ। ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਲੈ ਕੇ ਪਹੁੰਚੇ। ਪਰਿਵਾਰਕ ਮੈਂਬਰਾਂ ਅਨੁਸਾਰ ਕੁੱਝ ਸਮੇਂ ਬਾਅਦ ਹਮਲਾਵਰ ਧਿਰ ਨਾਲ ਸਬੰਧਿਤ ਦੱਸੇ ਜਾ ਰਹੇ 10 ਤੋਂ 12 ਨੌਜਵਾਨ ਹਸਪਤਾਲ ਦੇ ਮੁੱਖ ਗੇਟ ’ਤੇ ਪਹੁੰਚ ਗਏ। ਉਨ੍ਹਾਂ ਨੇ ਵੰਸ਼ ਦੇ ਚਾਚੇ ਆਸ਼ੂ ਨੂੰ ਘੇਰ ਕੇ ਇੱਟਾਂ-ਪੱਥਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਹਮਲੇ ‘ਚ ਆਸ਼ੂ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਕੁੱਝ ਲੋਕਾਂ ਨੇ ਉਸ ਨੂੰ ਹਮਲਾਵਰਾਂ ਦੇ ਚੁੰਗਲ ’ਚੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਇਸ ਦੌਰਾਨ ਹਸਪਤਾਲ ਦੇ ਬਾਹਰ ਹਫੜਾ-ਦਫੜੀ ਮਚ ਗਈ। ਸਿਵਲ ਹਸਪਤਾਲ ਦੇ ਮੁੱਖ ਗੇਟ ’ਤੇ ਪੁਲਸ ਥਾਣੇ ਤੋਂ ਮਹਿਜ਼ 200-250 ਮੀਟਰ ਦੀ ਦੂਰੀ ’ਤੇ ਹੋਈ ਇਸ ਵਾਰਦਾਤ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਅਤੇ ਪੁਲਸ ਦੀ ਗਸ਼ਤ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੇਰ ਰਾਤ ਹਸਪਤਾਲ ਦੇ ਬਾਹਰ ਸ਼ਰੇਆਮ ਹੋਈ ਕੁੱਟਮਾਰ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਬਾਵਜੂਦ ਹਮਲਾਵਰਾਂ ਵੱਲੋਂ ਬੇਖ਼ੌਫ਼ ਹੋ ਕੇ ਹਮਲਾ ਕਰਨਾ ਚਿੰਤਾ ਦਾ ਵਿਸ਼ਾ ਹੈ।

