Major setback for Jalandhar Improvement Trust; Consumer Commission orders refund of Rs 34 lakh along with 9% interest
ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਵੱਡਾ ਝਟਕਾ, ਖਪਤਕਾਰ ਕਮਿਸ਼ਨ ਵੱਲੋਂ 34 ਲੱਖ ਰੁਪਏ 9% ਵਿਆਜ ਸਣੇ ਮੋੜਨ ਦੇ ਹੁਕਮ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਆਰਥਿਕ ਬਦਹਾਲੀ ਨਾਲ ਜੂਝ ਰਹੇ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਦੋ ਫੈਸਲਿਆਂ ਤੋਂ ਕਰੀਬ 34 ਲੱਖ ਰੁਪਏ ਦਾ ਇਕ ਹੋਰ ਨਵਾਂ ਝਟਕਾ ਲੱਗਾ ਹੈ। ਕਮਿਸ਼ਨ ਨੇ ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਸਕੀਮ ਨਾਲ ਸਬੰਧਤ ਦੋ ਮਾਮਲਿਆਂ ’ਚ ਅਲਾਟੀਆਂ ਦੇ ਪੱਖ ’ਚ ਫੈਸਲਾ ਸੁਣਾਉਂਦਿਆਂ ਟਰੱਸਟ ਨੂੰ ਜਮ੍ਹਾ ਕਰਵਾਈ ਗਈ ਪ੍ਰਿੰਸੀਪਲ ਅਮਾਊਂਟ 9 ਫੀਸਦੀ ਵਿਆਜ ਸਮੇਤ ਮੋੜਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਹਰ ਅਲਾਟੀ ਨੂੰ 30 ਹਜ਼ਾਰ ਰੁਪਏ ਮੁਆਵਜ਼ਾ ਅਤੇ 10 ਹਜ਼ਾਰ ਰੁਪਏ ਕਾਨੂੰਨੀ ਖਰਚਾ ਵੀ ਅਦਾ ਕਰਨਾ ਹੋਵੇਗਾ। ਇਨ੍ਹਾਂ ਦੋਵਾਂ ਮਾਮਲਿਆਂ ਅਨੁਸਾਰ ਟਰੱਸਟ ਨੇ ਸਾਲ 2006 ’ਚ ਇਸ ਸਕੀਮ ਤਹਿਤ ਐੱਲ. ਆਈ. ਜੀ. ਫਲੈਟ ਅਲਾਟ ਕੀਤੇ ਸਨ। ਅਲਾਟੀਆਂ ਨੇ ਪੂਰੀ ਨਿਰਧਾਰਤ ਰਕਮ ਜਮ੍ਹਾ ਕਰਵਾ ਦਿੱਤੀ ਪਰ ਸਾਲ 2009 ’ਚ ਉਨ੍ਹਾਂ ਨੂੰ ਸਿਰਫ਼ ਕਾਗਜ਼ੀ ਕਬਜ਼ਾ ਦਿੱਤਾ ਗਿਆ। ਮੌਕੇ ’ਤੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਉਪਲਬਧ ਨਹੀਂ ਸਨ। ਬਿਜਲੀ ਦੀ ਸਪਲਾਈ ਵੀ ਕਾਫ਼ੀ ਦੇਰੀ ਨਾਲ 1 ਫਰਵਰੀ 2013 ਨੂੰ ਸ਼ੁਰੂ ਹੋਈ। ਸਹੂਲਤਾਂ ਦੀ ਘਾਟ ਅਤੇ ਟਰੱਸਟ ਵੱਲੋਂ ਸਮੱਸਿਆਵਾਂ ਦਾ ਹੱਲ ਨਾ ਹੋਣ ਕਾਰਨ ਦੋਵਾਂ ਅਲਾਟੀਆਂ ਨੇ ਖਪਤਕਾਰ ਕਮਿਸ਼ਨ ’ਚ ਸ਼ਿਕਾਇਤਾਂ ਦਰਜ ਕਰਵਾਈਆਂ। ਖਪਤਕਾਰ ਕਮਿਸ਼ਨ ਨੇ 23 ਨਵੰਬਰ 2026 ਨੂੰ ਦੋਵਾਂ ਮਾਮਲਿਆਂ ’ਚ ਵੱਖ-ਵੱਖ ਫੈਸਲੇ ਸੁਣਾਉਂਦਿਆਂ ਜਮ੍ਹਾ ਰਕਮ 9 ਫੀਸਦੀ ਵਿਆਜ ਸਮੇਤ ਮੋੜਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਹਰੇਕ ਸ਼ਿਕਾਇਤਕਰਤਾ ਨੂੰ 40 ਹਜ਼ਾਰ ਰੁਪਏ ਮੁਆਵਜ਼ੇ ਅਤੇ ਕਾਨੂੰਨੀ ਖਰਚੇ ਦੇ ਰੂਪ ’ਚ ਦੇਣੇ ਹੋਣਗੇ। ਹੁਕਮ ਦੀ ਨਿਰਧਾਰਤ ਸਮੇਂ ’ਚ ਪਾਲਣਾ ਨਾ ਹੋਣ ’ਤੇ ਵਿਆਜ ਦਰ 9 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਜਾਵੇਗੀ।
ਕੇਸ ਨੰਬਰ 1
ਜਲੰਧਰ ਨਿਵਾਸੀ ਚਰਨਜੀਤ ਸਿੰਘ ਨੂੰ ਇੰਦਰਾਪੁਰਮ ਸਕੀਮ ’ਚ ਐੱਲ. ਆਈ. ਜੀ. ਫਲੈਟ ਨੰਬਰ 116 (ਸੈਕਿੰਡ ਫਲੋਰ) ਅਲਾਟ ਕੀਤਾ ਗਿਆ ਸੀ। ਉਨ੍ਹਾਂ ਨੇ ਟਰੱਸਟ ਨੂੰ 4,32,695 ਰੁਪਏ ਜਮ੍ਹਾ ਕਰਵਾਏ ਸਨ। ਇਸ ਦੇ ਬਾਵਜੂਦ 8 ਅਕਤੂਬਰ 2009 ਨੂੰ ਉਨ੍ਹਾਂ ਨੂੰ ਸਿਰਫ਼ ਕਾਗਜ਼ੀ ਕਬਜ਼ਾ ਦਿੱਤਾ ਗਿਆ ਅਤੇ ਫਲੈਟ ’ਚ ਬੁਨਿਆਦੀ ਸਹੂਲਤਾਂ ਉਪਲਬਧ ਨਹੀਂ ਸਨ। ਉਨ੍ਹਾਂ ਨੇ 1 ਅਕਤੂਬਰ 2024 ਨੂੰ ਜ਼ਿਲਾ ਖਪਤਕਾਰ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਵਾਈ।
ਕੇਸ ਨੰਬਰ 2
ਜਲੰਧਰ ਨਿਵਾਸੀ ਮਹਿੰਦਰ ਪ੍ਰਭਾਕਰ ਨੂੰ ਇਸੇ ਸਕੀਮ ’ਚ ਐੱਲ. ਆਈ. ਜੀ. ਫਲੈਟ ਨੰਬਰ 256 (ਫਸਟ ਫਲੋਰ) ਅਲਾਟ ਕੀਤਾ ਗਿਆ ਸੀ। ਉਨ੍ਹਾਂ ਨੇ ਟਰੱਸਟ ਨੂੰ 4,37,147 ਰੁਪਏ ਜਮ੍ਹਾ ਕਰਵਾਏ ਸਨ ਪਰ 9 ਅਕਤੂਬਰ 2009 ਨੂੰ ਉਨ੍ਹਾਂ ਨੂੰ ਵੀ ਸਿਰਫ਼ ਕਾਗਜ਼ੀ ਕਬਜ਼ਾ ਦਿੱਤਾ ਗਿਆ। ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੇ 8 ਫਰਵਰੀ 2024 ਨੂੰ ਖਪਤਕਾਰ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ।

