Blackout in Punjab tomorrow; danger sirens to sound; important instructions issued for the public
ਪੰਜਾਬ ‘ਚ ਭਲਕੇ ਹੋਵੇਗਾ BLACKOUT, ਵੱਜਣਗੇ ਖ਼ਤਰੇ ਦੇ ਸਾਇਰਨ, ਲੋਕਾਂ ਲਈ ਜ਼ਰੂਰੀ ਹਦਾਇਤਾਂ ਜਾਰੀ
ਚੰਡੀਗੜ੍ਹ/ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਦੀ ਸਮਰੱਥਾ ਪਰਖਣ ਲਈ 27 ਨਵੰਬਰ ਮਤਲਬ ਕਿ ਭਲਕੇ ਰਾਤ 8 ਵਜੇ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਏਅਰ ਰੇਡ ਅਤੇ ਬਲੈਕਆਊਟ ਦੀ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾ ਰਿਹਾ ਹੈ। ਡਰਿੱਲ ਦੀ ਸ਼ੁਰੂਆਤ ਦੋ ਮਿੰਟ ਤੱਕ ਉੱਚੀ-ਨੀਵੀਂ ਆਵਾਜ਼ ਵਾਲੇ ਸਾਇਰਨ ਨਾਲ ਹੋਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰਾਂ ਵੱਲੋਂ ਨਿਰਧਾਰਤ ਇਲਾਕਿਆਂ ’ਚ ਬਲੈਕਆਊਟ ਕੀਤਾ ਜਾਵੇਗਾ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ, ਜਦੋਂ ਕਿ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਅਭਿਆਸ ਦੀ ਸਮਾਪਤੀ ਦੋ ਮਿੰਟ ਤੱਕ ਲਗਾਤਾਰ ਸਾਇਰਨ ਵਜਾ ਕੇ ਦਿੱਤੇ ਜਾਣ ਵਾਲੇ ‘ਆਲ ਕਲੀਅਰ’ ਸੰਕੇਤ ਨਾਲ ਹੋਵੇਗੀ। ਇਸ ਦੌਰਾਨ ਅੱਗ ਬੁਝਾਉਣ, ਖੋਜ ਤੇ ਬਚਾਅ, ਫਸਟ ਏਡ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਤੇ ਟ੍ਰੈਫਿਕ ਅਤੇ ਭੀੜ ਕੰਟਰੋਲ ਕਰਨ ਦਾ ਅਭਿਆਸ ਵੀ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਰੂਟੀਨ ਮੌਕ ਡਰਿੱਲ ਹੈ, ਇਸ ਲਈ ਸਾਇਰਨ ਸੁਣ ਕੇ ਘਬਰਾਉਣ ਦੀ ਲੋੜ ਨਹੀਂ ਹੈ।

