Hackers breach US Air Force ‘cloud system’; several system functions disrupted
ਅਮਰੀਕੀ ਹਵਾਈ ਫੌਜ ਦੇ ‘ਕਲਾਊਡ ਸਿਸਟਮ’ ਵਿਚ ਹੈਕਰਾਂ ਨੇ ਲਾਈ ਸੰਨ੍ਹ, ਸਿਸਟਮ ਦੇ ਕਈ ਕੰਮ ਰੁਕੇ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਹਵਾਈ ਫੌਜ ਦੇ ਕਲਾਊਡ ਕੰਪਿਊਟਿੰਗ ਸਿਸਟਮ ‘ਕਲਾਊਡ ਵਨ’ ਨੂੰ ਹੈਕਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਸਿਸਟਮ ਵਿਚ ਏਅਰ ਡਿਫੈਂਸ ਰਾਡਾਰ, ਫ਼ੌਜੀ ਜਹਾਜ਼ਾਂ, ਮਿਜ਼ਾਈਲਾਂ, ਜਵਾਨਾਂ ਦੇ ਰਿਕਾਰਡ ਅਤੇ ਫ਼ੌਜੀ ਸਾਜ਼ੋ-ਸਾਮਾਨ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਮੌਜੂਦ ਹਨ। ਲਗਭਗ ਇਕ ਮਹੀਨਾ ਪਹਿਲਾਂ ਸਿਸਟਮ ਨੂੰ ਅਪਗ੍ਰੇਡ ਕਰਨ ਦੌਰਾਨ ਹੈਕਿੰਗ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ‘ਕਲਾਊਡ ਵਨ’ ਦੇ ਕਈ ਕੰਮ ਪ੍ਰਭਾਵਿਤ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਰੀਕੀ ਫ਼ੌਜ ਦੀ ਸਾਈਬਰ ਕਮਾਂਡ ਜਾਂਚ ਕਰ ਰਹੀ ਹੈ। ਉਹ ਪਤਾ ਲਗਾ ਰਹੀ ਹੈ ਕਿ ਹੈਕਰ ਸਿਸਟਮ ਵਿਚ ਕਿੰਨੀ ਦੂਰ ਤੱਕ ਪਹੁੰਚੇ ਅਤੇ ਉਨ੍ਹਾਂ ਨੇ ਕੀ-ਕੀ ਜਾਣਕਾਰੀ ਹਾਸਲ ਕੀਤੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹੈਕਰ ਕੌਣ ਹਨ ਅਤੇ ਕੀ ਉਨ੍ਹਾਂ ਨੇ ਕੋਈ ਡਾਟਾ ਚੁਰਾਇਆ ਹੈ। ਅਮਰੀਕੀ ਹਵਾਈ ਫੌਜ ਨੇ ਵੀ ਇਸ ਮਾਮਲੇ ਵਿਚ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ‘ਕਲਾਊਡ ਵਨ’ ਦੀ ਸ਼ੁਰੂਆਤ 2017 ਵਿਚ ਹੋਈ ਸੀ। ਇਸ ਨੂੰ ਅਮਰੀਕੀ ਹਵਾਈ ਫੌਜ ਦੇ ਵੱਖ-ਵੱਖ ਆਈ. ਟੀ. ਸਿਸਟਮਾਂ ਨੂੰ ਇਕ ਥਾਂ ’ਤੇ ਲਿਆਉਣ ਲਈ ਬਣਾਇਆ ਗਿਆ ਸੀ। ਇਸ ਵਿਚ ਮਾਈਕ੍ਰੋਸਾਫ਼ਟ, ਐਮਾਜ਼ੋਨ, ਓਰੇਕਲ ਅਤੇ ਗੂਗਲ ਦੀ ਪੇਰੈਂਟ ਕੰਪਨੀ ਅਲਫ਼ਾਬੈੱਟ ਦੀਆਂ ਕਲਾਊਡ ਸੇਵਾਵਾਂ ਦੀ ਵਰਤੋਂ ਹੁੰਦੀ ਹੈ। ਇਸ ਸਿਸਟਮ ’ਤੇ ਜਵਾਨਾਂ ਦਾ ਰਿਕਾਰਡ, ਉਨ੍ਹਾਂ ਦੀ ਤਨਖ਼ਾਹ, ਫ਼ੌਜੀ ਸਾਮਾਨ ਅਤੇ ਜਹਾਜ਼ਾਂ ਦੀ ਮੁਰੰਮਤ ਨਾਲ ਜੁੜੀਆਂ ਜਾਣਕਾਰੀਆਂ ਰੱਖੀਆਂ ਜਾਂਦੀਆਂ ਹਨ। ਹੈਕਰਾਂ ਨੇ ਸਾਫ਼ਟਵੇਅਰ ਦੀ ਇਕ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਸਿਸਟਮ ਦੇ ਕੰਟਰੋਲ ਪਲੇਨ ਤੱਕ ਪਹੁੰਚ ਬਣਾਈ। ਇਸ ਨੂੰ ਪੂਰੇ ਕਲਾਊਡ ਸਿਸਟਮ ਦਾ ਕੰਟਰੋਲ ਸੈਂਟਰ ਸਮਝ ਸਕਦੇ ਹਾਂ।

