A real snake appeared in the middle of a ‘Nagin dance’ at a wedding; it bit a man, and he lost his life
ਵਿਆਹ ‘ਚ ਚੱਲਦੇ ‘ਨਾਗਿਨ ਡਾਂਸ’ ਵਿਚਾਲੇ ਆ ਗਿਆ ਅਸਲੀ ਸੱਪ ! ਮੁੰਡੇ ਨੂੰ ਮਾਰਿਆ ਡੰਗ, ਨਿਕਲੀ ਜਾਨ
ਓਨਾਵ (ਆਵਾਜ਼ਿ ਕੌਮ ਬਿਊਰੋ)- ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ, ਜਦੋਂ ਇਕ ਨੌਜਵਾਨ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਓਨਾਵ ‘ਚ ਹਲਦੀ ਅਤੇ ਮਹਿੰਦੀ ਦੀ ਰਸਮ ਦੌਰਾਨ ਘਰ ‘ਚ ਡੀਜੇ ‘ਤੇ ਨਾਗਿਨ ਡਾਂਸ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਅਸਲੀ ਜ਼ਹਿਰੀਲਾ ਸੱਪ ਡਾਂਸ ਕਰ ਰਹੇ ਲੋਕਾਂ ਕੋਲ ਪਹੁੰਚ ਗਿਆ। ਨੌਜਵਾਨ ਨੇ ਸੱਪ ਨੂੰ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਹੀ ਕੋਸ਼ਿਸ਼ ਉਸ ਦੀ ਜਾਨ ‘ਤੇ ਭਾਰੀ ਪੈ ਗਈ। ਸੱਪ ਨੇ ਨੌਜਵਾਨ ਦੇ ਹੱਥ ‘ਤੇ ਡੰਗ ਲਿਆ। ਹਾਲਤ ਵਿਗੜਨ ‘ਤੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਅਜਗੈਨ ਕਸਬੇ ਦੇ ਰਹਿਣ ਵਾਲੇ ਦੇਵਰਾਜ ਦਿਵੇਦੀ ਦੇ ਘਰ ਉਸ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸੇ ਸਿਲਸਿਲੇ ‘ਚ ਬੁੱਧਵਾਰ ਰਾਤ ਹਲਦੀ ਅਤੇ ਮਹਿੰਦੀ ਦੀ ਰਸਮ ਨਾਲ ਲੇਡੀਜ਼ ਸੰਗੀਤ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਆਯੋਜਨ ‘ਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਅਤੇ ਨੇੜੇ-ਤੇੜੇ ਦੇ ਲੋਕ ਵੀ ਸ਼ਾਮਲ ਹੋਏ ਸਨ। ਚਸ਼ਮਦੀਦਾਂ ਅਨੁਸਾਰ ਡੀਜੇ ‘ਤੇ ਨਾਗਿਨ ਡਾਂਸ ਦੀ ਧੁੰਨ ਵਜ ਰਹੀ ਸੀ। ਇਸ ਗੀਤ ‘ਤੇ 25 ਸਾਲਾ ਅਰਜੁਨ ਸਮੇਤ ਕਈ ਲੋਕ ਡਾਂਸ ਕਰ ਰਹੇ ਸਨ। ਉਦੋਂ ਅਚਾਨਕ ਡਾਂਸ ਫਲੋਰ ਕੋਲ ਇਕ ਸੱਪ ਰੇਂਗਦਾ ਹੋਇਆ ਦਿਖਾਈ ਦਿੱਤਾ। ਸ਼ੁਰੂ ‘ਚ ਲੋਕਾਂ ਨੂੰ ਲੱਗਾ ਕਿ ਕਿਸੇ ਤਰ੍ਹਾਂ ਦਾ ਮਜ਼ਾਕ ਦਾ ਡਾਂਸ ਦਾ ਹਿੱਸਾ ਹੈ। ਹਾਲਾਂਕਿ ਕੁਝ ਹੀ ਦੇਰ ‘ਚ ਪਤਾ ਲੱਗਾ ਕਿ ਉੱਥੇ ਅਸਲੀ ਸੱਪ ਮੌਜੂਦ ਹੈ। ਇਹ ਦੇਖਦੇ ਹੀ ਪ੍ਰੋਗਰਾਮ ‘ਚ ਭਾਜੜਾਂ ਪੈ ਗਈਆਂ। ਇਸ ਦੌਰਾਨ ਅਰਜੁਨ ਨੇ ਹਿੰਮਤ ਦਿਖਾਉਂਦੇ ਹੋਏ ਸੱਪ ਨੂੰ ਉਸ ਦੀ ਪੂੰਛ ਵਲੋਂ ਫੜ ਲਿਆ। ਉਹ ਉਸ ਨੂੰ ਹੱਥ ‘ਚ ਦਬਾ ਕੇ ਘਰੋਂ ਬਾਹਰ ਲਿਜਾਉਣ ਲੱਗਾ ਤਾਂ ਕਿ ਕਿਸੇ ਦੂਜੇ ਵਿਅਕਤੀ ਨੂੰ ਨੁਕਸਾਨ ਨਾ ਪਹੁੰਚੇ। ਇਸ ਦੌਰਾਨ ਸੱਪ ਨੇ ਪਲਟ ਕੇ ਅਰਜੁਨ ਦੇ ਹੱਥ ‘ਤੇ ਡੰਗ ਲਿਆ। ਸੱਪ ਦੇ ਡੰਗਣ ਨਾਲ ਅਰਜੁਨ ਦੀ ਸਿਹਤ ਤੇਜ਼ੀ ਨਾਲ ਵਿਗੜਣ ਲੱਗੀ। ਪਰਿਵਾਰ ਵਾਲੇ ਬਿਨਾਂ ਦੇਰੀ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਕੇ ਪਹੁੰਚੇ। ਸਥਾਨਕ ਡਾਕਟਰ ਨੇ ਅਰਜੁਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੱਡੇ ਹਸਪਤਾਲ ਲਿਜਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਤੁਰੰਤ ਲਖਨਊ ਲੈ ਕੇ ਪਹੁੰਚੇ। ਹਾਲਾਂਕਿ ਉੱਥੇ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

