Horrific accident in Baramulla: SUV falls into a gorge; 4 members of the same family killed
ਬਾਰਾਮੂਲਾ ‘ਚ ਭਿਆਨਕ ਹਾਦਸਾ: ਖਾਈ ‘ਚ ਡਿੱਗੀ SUV, ਇਕੋਂ ਪਰਿਵਾਰ ਦੇ 4 ਜੀਆਂ ਦੀ ਮੌਤ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿਚ ਇਕ SUV ਦੇ ਖੱਡ ਵਿਚ ਡਿੱਗਣ ਨਾਲ ਇਕੋਂ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਇਕ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਉੜੀ ਖੇਤਰ ਦੇ ਗੋਹਲਾਨ ਵਿੱਚ ਵਾਪਰਿਆ ਹੈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਨੇੜਲੇ ਪਿੰਡ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਡਰਾਈਵਰ ਸਮੇਤ ਕੁੱਲ ਪੰਜ ਲੋਕ ਐਸਯੂਵੀ ਵਿੱਚ ਸਵਾਰ ਸਨ। ਸਾਰਿਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਸਈਅਦ ਸ਼ਫੀਕ ਸ਼ਾਹ (26), ਉਸਦੀ ਪਤਨੀ ਰਸ਼ੀਦਾ ਬਾਨੋ (25), ਉਸਦੀ ਭੈਣ ਦਿਲਨਾਜ਼ ਫਾਤਿਮਾ (17) ਅਤੇ ਚਚੇਰੀ ਭੈਣ ਸ਼ਾਹਿਦਾ ਫਾਤਿਮਾ (27) ਸ਼ਾਮਲ ਹਨ। ਇਸ ਦੌਰਾਨ, 11 ਸਾਲਾ ਲੜਕੀ ਨੂੰ ਇਲਾਜ ਲਈ ਬਾਰਾਮੂਲਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

