A stern warning to teachers! Action will be taken if they shirk their duties or keep their mobile phones switched off
ਅਧਿਆਪਕਾਂ ਨੂੰ ਦੋ-ਟੁੱਕ ਚਿਤਾਵਨੀ! ਡਿਊਟੀ ਤੋਂ ਭੱਜੇ ਜਾਂ ਮੋਬਾਇਲ ਬੰਦ ਕੀਤਾ ਤਾਂ ਹੋਵੇਗੀ ਕਾਰਵਾਈ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਕੌਮੀ ਮਹੱਤਵ ਦੀ ਮੁਹਿੰਮ ਜਨਗਣਨਾ-2027 ਦੇ ਦੂਜੇ ਪੜਾਅ (ਫੇਜ਼-2) ਦੇ ਕੰਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਕ ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਅਹਿਮ ਡਿਊਟੀ ਨੂੰ ਜੁਆਇਨ ਕਰਨ ‘ਚ ਕੁੱਝ ਅਧਿਆਪਕਾਂ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਟਾਲ-ਮਟੋਲ ਦੀ ਨੀਤੀ ਨੂੰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਹੈ। ਡਿਊਟੀ ਪ੍ਰਤੀ ਮੁਲਾਜ਼ਮਾਂ ਦੀ ਇਸ ਬੇਰੁਖ਼ੀ ਅਤੇ ਬਹਾਨੇਬਾਜ਼ੀ ’ਤੇ ਰੋਕ ਲਗਾਉਣ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ (ਆਰ.ਡੀ.)-ਕਮ-ਸੈਂਸਸ ਚਾਰਜ ਅਫ਼ਸਰ ਨੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਏ. ਡੀ. ਸੀ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਨਗਣਨਾ ਵਰਗੇ ਕੌਮੀ ਕੰਮ ‘ਚ ਕਿਸੇ ਵੀ ਤਰ੍ਹਾਂ ਦੀ ਬਹਾਨੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਿਊਟੀ ਤੋਂ ਪਾਸਾ ਵੱਟਣ ਵਾਲਿਆਂ ਖ਼ਿਲਾਫ਼ ਹੁਣ ਸਿੱਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਏ. ਡੀ. ਸੀ. ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਤੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸਖ਼ਤ ਪੱਤਰ ਜਾਰੀ ਕਰਕੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਜਨਗਣਨਾ ਤਹਿਤ ਡਿਊਟੀ ਲਈ ਨਿਯੁਕਤ ਹਰੇਕ ਮੁਲਾਜ਼ਮ ਕਾਨੂੰਨੀ ਤੌਰ ’ਤੇ ਇਹ ਸੇਵਾਵਾਂ ਨਿਭਾਉਣ ਲਈ ਪਾਬੰਦ ਹੈ। ਪੱਤਰ ‘ਚ ਸਖ਼ਤ ਸ਼ਬਦਾਂ ‘ਚ ਕਿਹਾ ਗਿਆ ਹੈ ਕਿ ਜੇਕਰ ਕੋਈ ਅਧਿਆਪਕ ਜਾਂ ਮੁਲਾਜ਼ਮ ਜਨਗਣਨਾ ਦੀ ਡਿਊਟੀ ਕਰਨ ਤੋਂ ਇਨਕਾਰ ਕਰਦਾ ਹੈ, ਸੰਪਰਕ ਤੋਂ ਬਚਣ ਲਈ ਆਪਣਾ ਮੋਬਾਇਲ ਫ਼ੋਨ ਬੰਦ ਰੱਖਦਾ ਹੈ ਜਾਂ ਤਾਲਮੇਲ ਅਤੇ ਸਹਿਯੋਗ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਜਨਗਣਨਾ ਐਕਟ ਤਹਿਤ ਸਿੱਧੀ ਕਾਨੂੰਨੀ ਅਤੇ ਸਖ਼ਤ ਵਿਭਾਗੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਪੱਧਰ ’ਤੇ ਹੋਣ ਵਾਲੀ ਦੇਰੀ ਜਾਂ ਲਾਪਰਵਾਹੀ ਲਈ ਸਬੰਧਤ ਅਧਿਕਾਰੀ ਜਾਂ ਮੁਲਾਜ਼ਮ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ। ਆਬਾਦੀ ਦੀ ਗਿਣਤੀ ਦੇ ਇਸ ਕੰਮ ਨੂੰ ਨਿਰਧਾਰਤ ਸਮੇਂ ਅੰਦਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਕਰਨ ਲਈ ਸਕੂਲਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਗਿਣਤੀਕਾਰ, ਸੁਪਰਵਾਈਜ਼ਰ ਅਤੇ ਫੀਲਡ ਟ੍ਰੇਨਰ ਵਜੋਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਇਨ੍ਹਾਂ ਮੁਲਾਜ਼ਮਾਂ ਨੂੰ 1 ਦਸੰਬਰ 2026 ਤੋਂ 9 ਜਨਵਰੀ 2027 ਤੱਕ ਨਿਰਧਾਰਤ ਸਮੇਂ ਲਈ ਸਕੂਲਾਂ ਅਤੇ ਵਿਭਾਗਾਂ ਦੀਆਂ ਹੋਰ ਡਿਊਟੀਆਂ ਤੋਂ ਤੁਰੰਤ ਰਿਲੀਵ ਕੀਤਾ ਜਾਵੇ। ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਮੁਲਾਜ਼ਮਾਂ ’ਤੇ ਕਿਸੇ ਹੋਰ ਵਿਭਾਗੀ ਕੰਮ ਦਾ ਵਾਧੂ ਬੋਝ ਨਾ ਪਾਇਆ ਜਾਵੇ ਅਤੇ ਉਨ੍ਹਾਂ ਨੂੰ ਪੂਰੇ ਦਿਨ ਲਈ ਦਫ਼ਤਰੀ ਡਿਊਟੀ ਤੋਂ ਰਿਲੀਵ ਰੱਖਿਆ ਜਾਵੇ। ਪ੍ਰਸ਼ਾਸਨ ਨੇ ਜਨਗਣਨਾ ਦੇ ਕੰਮ ਨੂੰ ਸਭ ਤੋਂ ਅਹਿਮ ਕਾਰਜ ਦੱਸਦਿਆਂ ਮੁਲਾਜ਼ਮਾਂ ਨੂੰ ਆਪਣਾ ਪੂਰਾ ਧਿਆਨ ਇਸੇ ਕੰਮ ’ਤੇ ਕੇਂਦਰਿਤ ਕਰਨ ਦੀ ਹਦਾਇਤ ਕੀਤੀ ਹੈ।

