
ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਬਠਿੰਡਾ ‘ਚ ਵਾਪਰੇ ਵੱਡੇ ਸੜਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦਰਦਨਾਕ ਹਾਦਸੇ ‘ਚ 8 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਹੁਣ ਪੀੜਤ ਪਰਿਵਾਰਾਂ ਦੇ ਵੱਲੋਂ ਕਿਹਾ ਗਿਆ ਕਿ ਉਦੋਂ ਤੱਕ ਉਹ ਮ੍ਰਿਤਕਾਂ ਦਾ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ 2-2 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਪਰ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਦਾ ਕੋਈ ਨੁਮਾਇੰਦਾ ਪੀੜਤਾਂ ਦੀ ਸਾਰ ਲੈਣ ਆਇਆ ਹੈ। ਉਧਰ ਹਸਪਤਾਲ ਦੇ ਬਾਹਰ ਪੀੜਤ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇੱਕ ਪਾਸੇ ਤਾਂ ਪੀੜਤ ਪਰਿਵਾਰਾਂ ਵੱਲੋਂ ਮ੍ਰਿਤਕਾਂ ਦਾ ਸਸਕਾਰ ਕਾਰਨ ਤੋਂ ਇਨਕਾਰ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਹੁਣ ਸਮਾਜ ਸੇਵੀ ਸੰਸਥਾਵਾਂ ਵੀ ਪੀੜਤਾਂ ਦੇ ਹੱਕ ਦੇ ਵਿੱਚ ਨਿੱਤਰੀਆਂ ਨੇ, ਜਿੰਨਾਂ ਨੇ ਕਿਹਾ ਕਿ ਨੈਨੀਤਾਲ ਘਟਨਾਕ੍ਰਮ ਦੇ ਅਧਾਰ ਤੇ ਇਹਨਾਂ ਪੀੜਤਾਂ ਨੂੰ ਵੀ ਮੁਆਵਜ਼ਾ ਤੇ ਇੱਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦੱਸ ਦਈਏ ਕਿ ਗੰਦੇ ਨਾਲ ਵਿੱਚ ਬੱਸ ਡਿੱਗਣ ਕਾਰਨ ਵਾਪਰੇ ਇਸ ਹਾਦਸੇ ਵਿੱਚ 8 ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਦੀ ਹੁਣ ਪੀੜਤਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪਰ ਦੂਜੇ ਪਾਸੇ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਇਸ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਜਿਸ ਤੋਂ ਖ਼ਫ਼ਾ ਹੋ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਕਦੋਂ ਇੰਨ੍ਹਾਂ ਦੀਆਂ ਮੰਗਾਂ ਮੰਨੇਗੀ ਅਤੇ ਮ੍ਰਿਤਕਾਂ ਦਾ ਸਸਕਾਰ ਹੋਵੇਗਾ।