SGPC ਬਜਟ ਇਜਲਾਸ ‘ਚ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ‘ਤੇ ਤਿੱਖੀ ਬਹਿਸ, ਬੀਬੀ ਕਿਰਨਜੋਤ ਕੌਰ ਨੇ ਚੀਫ਼ ਸਕੱਤਰ ‘ਤੇ ਲਾਏ ਪੰਥ ਵਿਰੋਧੀ ਦੋਸ਼

ਅੰਮ੍ਰਿਤਸਰ (28 ਮਾਰਚ, 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅੱਜ ਦੇ ਬਜਟ ਇਜਲਾਸ ਦੌਰਾਨ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ਨੂੰ ਰੱਦ ਕਰਨ ਦੀ ਗੱਲ ਨੂੰ ਲੈ ਕੇ ਤਿੱਖੀ ਬਹਿਸ ਛਿੜ ਗਈ। ਇਸ ਮੁੱਦੇ ‘ਤੇ ਚਰਚਾ ਦੌਰਾਨ SGPC ਮੈਂਬਰ ਬੀਬੀ ਕਿਰਨਜੋਤ ਕੌਰ ਨੇ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ਨੂੰ ਰੱਦ ਕਰਨ ਦੀ ਗੱਲ ਦੇ ਹੱਕ ਵਿੱਚ ਆਪਣੀ ਗੱਲ ਰੱਖੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਚੀਫ਼ ਸਕੱਤਰ ਨਾਲ ਉਨ੍ਹਾਂ ਦੀ ਤਿੱਖੀ ਗੱਲਬਾਤ ਹੋਈ। ਇਸ ਨੇ ਸਿੱਖ ਸਿਆਸਤ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਬੀਬੀ ਕਿਰਨਜੋਤ ਕੌਰ ਨੇ ਚੀਫ਼ ਸਕੱਤਰ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਹਮੇਸ਼ਾ ਨੈਗੇਟਿਵ ਗੱਲ ਕਰਦੀ ਹਾਂ। ਜੇ ਪੰਥਕ ਮਰਯਾਦਾ ਦੀ ਗੱਲ ਕਰਨਾ ਨਾ-ਪੱਖੀ ਚੱਲਣ ਹੈ, ਫਿਰ ਪੰਥ ਵਿਰੋਧੀ ਤੁਹਾਡੀਆਂ ਬਰੂਹਾਂ ‘ਤੇ ਨਹੀਂ ਆ ਗਏ। ਤੁਸੀਂ ਆਪ ਪੰਥ ਵਿਰੋਧੀਆਂ ਨੂੰ ਸ਼੍ਰੋਮਣੀ ਕਮੇਟੀ ਅੰਦਰ ਬਿਠਾਇਆ ਹੈ। ਆਪੇ ਫਾਥੜੀਏ, ਤੈਨੂੰ ਕੌਣ ਬਚਾਏ!”
ਇਸ ਤਿੱਖੀ ਟਿੱਪਣੀ ਨੇ ਸਿੱਖ ਭਾਈਚਾਰੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਖ ਜਥੇਬੰਦੀਆਂ ਨੇ ਇਸ ਮੁੱਦੇ ‘ਤੇ ਚਿੰਤਾ ਜਤਾਈ ਹੈ ਅਤੇ ਮੰਗ ਕੀਤੀ ਹੈ ਕਿ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ਨੂੰ ਰੱਦ ਕਰਨ ਦੇ ਫ਼ੈਸਲੇ ‘ਤੇ ਸਹਿਮਤੀ ਨਾਲ ਅੱਗੇ ਵਧਿਆ ਜਾਵੇ।