April 27: Strategy Meet for Takht Sahibans’ Restoration – Sant Harnam Singh Khalsa

ਤਖਤ ਸਾਹਿਬਾਨ ਦੇ ਸਿੰਘ ਸਾਹਿਬਾਨਾਂ ਦੀ ਬਹਾਲੀ ਸਬੰਧੀ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਮੀਟਿੰਗ 27 ਅਪ੍ਰੈਲ ਨੂੰ- ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ

ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੋਣ ਵਾਲੀ ਇਕੱਤਰਤਾ ਵਿੱਚ ਲਏ ਜਾਣਗੇ ਅਹਿਮ ਫੈਸਲੇ ।

ਮਹਿਤਾ ਚੌਕ – ਮਾਰਚ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਜੈਕਟਿਵ ਕਮੇਟੀ ਵੱਲੋਂ ਪੰਥਕ ਸਿਧਾਂਤਾਂ ਨੂੰ ਛਿੱਕੇ ਟੰਗਦੇ ਹੋਏ ਤਿੰਨਾਂ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਅਹੁਦੇ ਤੋਂ ਹਟਾਇਆ ਗਿਆ ਸੀ,ਉਸ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ ਅਤੇ ਹੋਰ ਪੰਥਕ ਸ਼ਖਸ਼ੀਅਤਾਂ ਦੇ ਸਹਿਯੋਗ ਨਾਲ ਸਿੰਘ ਸਾਹਿਬਾਨਾਂ ਦੀ ਬਹਾਲੀ ਲਈ ਸੰਘਰਸ਼ ਆਰੰਭ ਕੀਤਾ ਗਿਆ ਸੀ। ਜਿਸ ਉਪਰੰਤ 28 ਮਾਰਚ ਨੂੰ ਸ਼੍ਰੀ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੱਗੇ ਵਿਸ਼ਾਲ ਰੋਸ ਧਰਨੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਬਹਾਲੀ ਲਈ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ।ਜਿਸ ਦੀ ਮਿਆਦ ਬੀਤਣ ਉਪਰੰਤ ਸੰਤ ਸਮਾਜ ਦੇ ਮਹਾਂਪੁਰਖਾਂ,ਨਿਹੰਗ ਸਿੰਘ ਜਥੇਬੰਦੀਆਂ ,ਚੀਫ ਖਾਲਸਾ ਦੀਵਾਨ, ਸਿੱਖ ਸੰਪਰਦਾਵਾਂ ,ਉੱਘੀਆਂ ਪੰਥਕ ਸ਼ਖਸੀਅਤਾਂ, ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮੁਖੀ ਸਾਹਿਬਾਨ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਇੱਕ ਜਰੂਰੀ ਮੀਟਿੰਗ 27 ਅਪ੍ਰੈਲ ਦਿਨ ਐਤਵਾਰ ਨੂੰ ਦਮਦਮੀ ਟਕਸਾਲ ਦੇ ਹੈਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸਵੇਰੇ 11 ਵਜੇ ਬੁਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ 27 ਅਪ੍ਰੈਲ ਨੂੰ ਇੱਕਤਰ ਸਮੂਹ ਸਖਸ਼ੀਅਤਾਂ ਦੇ ਨਾਲ ਵਿਚਾਰ ਵਟਾਂਦਰੇ ਉਪਰੰਤ ਸਭ ਦੇ ਸਹਿਯੋਗ ਨਾਲ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ l ਓਨਾ ਸਮੂਹ ਪੰਥ ਦਰਦੀਆਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ l