AAP Punjab Women’s Wing Chief Upset with Party, Announces Protest
ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਪ੍ਰਧਾਨ ਪਾਰਟੀ ਤੋਂ ਨਾਰਾਜ਼, ਧਰਨੇ ਦਾ ਐਲਾਨ

ਚੰਡੀਗੜ੍ਹ (29 ਮਈ, 2025): ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਚੋਪੜਾ ਨੇ ਪਾਰਟੀ ਦੀ ਕਾਰਜਸ਼ੈਲੀ ਖ਼ਿਲਾਫ਼ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਪਾਰਟੀ ਦੇ ਇਮਾਨਦਾਰ ਅਤੇ ਮਿਹਨਤੀ ਵਰਕਰਾਂ ਦੇ ਹੱਕ ਵਿੱਚ ਧਰਨਾ ਲਗਾਉਣਗੀਆਂ।
ਪ੍ਰੀਤੀ ਚੋਪੜਾ ਨੇ ਕਿਹਾ, “ਮੈਨੂੰ ਦੁੱਖ ਹੈ ਕਿ ਪੁਰਾਣੇ ਵਲੰਟੀਅਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਦਕਿ ਕੁਝ ਚਾਪਲੂਸ ਲੋਕ, ਜੋ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਸੀ, ਵਾਪਸ ਆ ਕੇ ਵੱਡੇ ਅਹੁਦੇ ਲੈ ਰਹੇ ਹਨ ਅਤੇ ਪੁਰਾਣੇ ਵਰਕਰਾਂ ਦੀਆਂ ਨੈਗੇਟਿਵ ਰਿਪੋਰਟਾਂ ਭੇਜ ਰਹੇ ਹਨ।” ਉਨ੍ਹਾਂ ਨੇ ਪਾਰਟੀ ਦੀ ਇਸ ਨੀਤੀ ਦਾ ਸਖ਼ਤ ਵਿਰੋਧ ਕੀਤਾ ਅਤੇ ਵਰਕਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।
ਪ੍ਰੀਤੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਪ੍ਰਧਾਨਗੀ ਤੋਂ ਹਟਾਏ ਜਾਣ ਅਤੇ ਝੂਠੇ ਕੇਸ ਪਾਏ ਜਾਣ ਦਾ ਖ਼ਤਰਾ ਹੈ, ਪਰ ਉਹ ਇਸ ਤੋਂ ਨਹੀਂ ਡਰਦੀਆਂ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਸ ਪੋਸਟ ਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ।
