ਐਸਜੀਪੀਸੀ ਮੈਂਬਰਾਂ ਨੇ ਸੁਖਬੀਰ ਬਾਦਲ ‘ਤੇ ਗੋਲਕ ਦੀ ਸਿਆਸੀ ਵਰਤੋਂ ਦਾ ਲਗਾਇਆ ਇਲਜ਼ਾਮ, ‘ਗੁਰਦੁਆਰਾ ਸੁਧਾਰ ਲਹਿਰ 2’ ਸ਼ੁਰੂ ਕਰਨ ਲਈ ਸੱਦਾ

ਚੰਡੀਗੜ੍ਹ, 11 ਸਤੰਬਰ 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰਾਂ ਬੀਬੀ ਪਰਮਜੀਤ ਕੌਰ ਲਾਂਡਰਾਂ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਮਲਕੀਤ ਸਿੰਘ ਚੰਗਾਲ, ਅਤੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਇੱਕ ਸੰਯੁਕਤ ਪ੍ਰੈੱਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ‘ਤੇ ਗੰਭੀਰ ਆਰੋਪ ਲਗਾਏ। ਉਨ੍ਹਾਂ ਦਾ ਦਾਅਵਾ ਹੈ ਕਿ ਸੁਖਬੀਰ ਬਾਦਲ ਐਸਜੀਪੀਸੀ ਦੀ ਗੋਲਕ ਨੂੰ ਸਿਆਸੀ ਹਿੱਤਾਂ ਲਈ ਵਰਤ ਰਹੇ ਹਨ, ਜੋ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਦੇ ਸਿਧਾਂਤ ਦੇ ਖਿਲਾਫ਼ ਹੈ।
ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪੱਤਰਾਂ ਅਤੇ ਵੀਡੀਓਜ਼ ਰਾਹੀਂ ਸਬੂਤ ਪੇਸ਼ ਕਰਦੇ ਹੋਏ ਦੱਸਿਆ ਕਿ ਸੁਖਬੀਰ ਨੇ ਮਕਰੋੜ ਸਾਹਿਬ ਅਤੇ ਮੂਨਕ ਵਿੱਚ 5 ਸਤੰਬਰ ਨੂੰ 2-2 ਹਜ਼ਾਰ ਲੀਟਰ ਡੀਜ਼ਲ ਦਾ ਐਲਾਨ ਕੀਤਾ ਸੀ, ਜਿਸ ਨੂੰ ਐਸਜੀਪੀਸੀ ਨੇ 6 ਸਤੰਬਰ ਨੂੰ ਪੱਤਰ ਨੰਬਰ 441 ਰਾਹੀਂ ਮਨਜ਼ੂਰ ਕਰਕੇ 9 ਸਤੰਬਰ ਨੂੰ 3000 ਲੀਟਰ ਡੀਜ਼ਲ ਵੰਡਵਾਇਆ। ਇਹ ਡੀਜ਼ਲ ਸੁਖਬੀਰ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਵੱਲੋਂ ਵੰਡਿਆ ਗਿਆ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਐਸਜੀਪੀਸੀ ਮਦਦ ਕਰੇ, ਪਰ ਸਿਆਸੀ ਆਗੂਆਂ ਦੀ ਵਰਤੋਂ ਸੰਗਤ ਨੂੰ ਮੰਨਯੋਗ ਨਹੀਂ।
ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਵੀਡੀਓਜ਼ ਜਾਰੀ ਕਰਕੇ ਸੁਖਬੀਰ ‘ਤੇ ਡੀਜ਼ਲ ਅਤੇ ਸਮਾਨ ਨੂੰ ਨਿੱਜੀ ਖਾਤੇ ਵਰਤਣ ਦਾ ਦੋਸ਼ ਲਗਾਇਆ। ਜਥੇਦਾਰ ਮਲਕੀਤ ਸਿੰਘ ਚੰਗਾਲ ਨੇ 450 ਥੈਲੇ ਸੀਮਿੰਟ ਦੀ ਚੋਰੀ ਮਾਮਲੇ ‘ਚ ਕਾਰਵਾਈ ਨੂੰ ਨਕਲੀ ਦੱਸਦੇ ਹੋਏ ਮੰਗ ਕੀਤੀ ਕਿ ਦੋਸ਼ੀ ਮੈਂਬਰ ਦੀ ਮੈਂਬਰੀ ਖਤਮ ਕਰੀ ਜਾਵੇ ਅਤੇ ਚੋਣਾਂ ਕਰਵਾਈਆਂ ਜਾਣ। ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਚੋਣਾਂ ਦੇ ਐਲਾਨ ਨਾ ਹੋਣ ‘ਤੇ ਸੰਘਰਸ਼ ਕੀਤਾ ਜਾਵੇਗਾ।
ਮੈਂਬਰਾਂ ਨੇ ‘ਗੁਰਦੁਆਰਾ ਸੁਧਾਰ ਲਹਿਰ 2’ ਸ਼ੁਰੂ ਕਰਨ ਦੀ ਅਪੀਲ ਕੀਤੀ ਤਾਂ ਕਿ ਐਸਜੀਪੀਸੀ ਅਜ਼ਾਦ ਕਰਵਾਈ ਜਾ ਸਕੇ। ਸੋਸ਼ਲ ਮੀਡੀਆ ‘ਤੇ ਇਸ ਮੁੱਦੇ ‘ਤੇ ਤਿੱਖੀ ਬਹਸ ਜਾਰੀ ਹੈ।