Major success in anti-drug campaign: Counter Intelligence arrests four with 40 kg heroin
ਨਸ਼ਾ ਵਿਰੋਧੀ ਮੁਹਿੰਮ ਹੇਠ ਵੱਡੀ ਕਾਮਯਾਬੀ: ਕਾਊਂਟਰ ਇੰਟੈਲੀਜੰਸ ਵੱਲੋਂ 40 ਕਿਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ

ਅੰਮ੍ਰਿਤਸਰ ਪੰਜਾਬ ਵਿੱਚ ਮਾਨਯੋਗ ਮੁੱਖ ਮੰਤਰੀ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੰਸ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੀਮ ਨੇ 40 ਕਿਲੋ ਹੈਰੋਇਨ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਜੇ ਸੂਰਜ, ਨਰਿੰਦਰ ਅਤੇ ਜੈਕਬ ਵਜੋਂ ਹੋਈ ਹੈ, ਜੋ ਕੋਟ ਇਸਾ ਖਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਉਮਰ 24 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ।ਪੁਲਿਸ ਅਨੁਸਾਰ, ਇਸ ਕਾਰਵਾਈ ਦੌਰਾਨ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਬੀਐਮਡਬਲਯੂ ਅਤੇ ਇੱਕ ਕਰੋਲਾ ਕੰਪਨੀ ਦੀ ਗੱਡੀ ਸ਼ਾਮਲ ਹੈ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਸਰਹੱਦੀ ਖੇਤਰ ਵਿੱਚ ਡਰੋਨ ਰਾਹੀਂ ਤਸਕਰੀ ਕਰਕੇ ਲਿਆਂਦਾ ਗਿਆ ਹੋ ਸਕਦਾ ਹੈ। ਡਰੋਨ ਰਾਹੀਂ ਨਸ਼ਾ ਨਿਰਧਾਰਤ ਲੋਕੇਸ਼ਨ ‘ਤੇ ਸੁੱਟਿਆ ਜਾਂਦਾ ਸੀ, ਜਿਸਨੂੰ ਇਹ ਗਿਰੋਹ ਅੱਗੇ ਲੈ ਜਾਂਦਾ ਸੀ।ਹਰਪ੍ਰੀਤ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰ ਨੌਜਵਾਨਾਂ ਦੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਏ ਗਏ ਹਨ ਅਤੇ ਉਨ੍ਹਾਂ ਦੀ ਡਿਜ਼ੀਟਲ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਪਾਕਿਸਤਾਨ ਜਾਂ ਕਿਸੇ ਹੋਰ ਅੰਤਰਰਾਸ਼ਟਰੀ ਲਿੰਕ ਦੇ ਸਬੂਤ ਮਿਲਦੇ ਹਨ ਤਾਂ ਉਹ ਸੰਬੰਧਿਤ ਅਥਾਰਟੀਆਂ ਨਾਲ ਸਾਂਝੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ।ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਗਿਰੋਹ ਦੇ ਪਿੱਛੇ ਇੱਕ ਵੱਡਾ ਆਕਾ (ਮਾਸਟਰਮਾਈਂਡ) ਕੰਮ ਕਰ ਰਿਹਾ ਹੈ, ਪਰ ਜਾਂਚ ਜਾਰੀ ਹੋਣ ਕਾਰਨ ਉਸਦਾ ਨਾਮ ਹਾਲੇ ਜਾਹਿਰ ਨਹੀਂ ਕੀਤਾ ਜਾ ਸਕਦਾ। ਗ੍ਰਿਫ਼ਤਾਰ ਨੌਜਵਾਨ ਪੜ੍ਹੇ-ਲਿਖੇ ਹਨ ਅਤੇ ਇਕੋ ਇਲਾਕੇ ਵਿੱਚ ਰਹਿੰਦੇ ਸਨ, ਜਿਸ ਕਾਰਨ ਉਨ੍ਹਾਂ ਦੀ ਆਪਸੀ ਸਾਂਝ ਮਜ਼ਬੂਤ ਸੀ।ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਜਾਂਚ ਅੱਗੇ ਵਧਣ ਨਾਲ ਹੋਰ ਬਰਾਮਦਗੀਆਂ ਤੇ ਗ੍ਰਿਫ਼ਤਾਰੀਆਂ ਹੋਣ ਦੀ ਪੂਰੀ ਸੰਭਾਵਨਾ ਹੈ। ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਤਹਿਤ ਪੁਲਿਸ ਪੂਰੀ ਸਖ਼ਤੀ ਨਾਲ ਕਾਰਵਾਈ ਜਾਰੀ ਰੱਖੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
