ਸ੍ਰੀ ਅਕਾਲ ਤਖ਼ਤ ਜਥੇਦਾਰ ਦੇ ਦਖਲ ਤੋਂ ਬਾਅਦ ਲੁਧਿਆਣਾ ‘ਚ ਸਿੱਖ ਨੌਜਵਾਨ ਨਾਲ ਕੁੱਟਮਾਰ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਪਰਚੇ ਦਰਜ

30 ਜਨਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਖ਼ਤ ਨੋਟਿਸ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਨਾਲ ਗੱਲਬਾਤ ਤੋਂ ਬਾਅਦ ਲੁਧਿਆਣਾ ਵਿੱਚ ਸਿੱਖ ਨੌਜਵਾਨ ਟੈਕਸੀ ਚਾਲਕ ਸ. ਰਣਜੋਤ ਸਿੰਘ ਨਾਲ ਕੀਤੀ ਗਈ ਕੁੱਟਮਾਰ ਅਤੇ ਸਿੱਖ ਧਰਮ ਬਾਰੇ ਮੰਦੇ ਬੋਲਣ ਦੇ ਮਾਮਲੇ ਵਿੱਚ ਦੋ ਵੱਖ-ਵੱਖ ਪਰਚੇ ਦਰਜ ਹੋ ਗਏ ਹਨ। ਇਹ ਪਰਚੇ ਲੁਧਿਆਣਾ ਦੇ ਡੀਵੀਜਨ 8 ਪੁਲਿਸ ਥਾਣੇ ਵਿੱਚ ਕੀਤੇ ਗਏ ਹਨ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਨੇ ਜਾਣਕਾਰੀ ਦਿੱਤੀ ਕਿ 26 ਜਨਵਰੀ ਨੂੰ ਲੁਧਿਆਣਾ ਵਾਸੀ ਸ. ਰਣਜੋਤ ਸਿੰਘ ਜਦੋਂ ਸ਼ਹਿਰ ਅੰਦਰ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਨਾਲ ਦੂਜੀ ਗੱਡੀ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਦੂਜੀ ਗੱਡੀ ਵਿੱਚੋਂ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਦੁਰਵਿਵਹਾਰ ਕੀਤਾ, ਗੱਡੀ ‘ਤੇ ਲੱਗੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਪਾੜਨ ਦੀ ਕੋਸ਼ਿਸ਼ ਕੀਤੀ ਅਤੇ ਸਿੱਖ ਧਰਮ ਬਾਰੇ ਮੰਦੇ ਬੋਲ ਬੋਲੇ। ਉਨ੍ਹਾਂ ਨੇ ਫੋਨ ਕਰਕੇ ਪੁਲਿਸ ਨੂੰ ਸੱਦਿਆ ਜਿਸ ਨੇ ਰਣਜੋਤ ਸਿੰਘ ਨੂੰ ਆਪਣੀ ਗੱਡੀ ਵਿੱਚ ਬੈਠਾ ਕੇ ਕੈਲਾਸ਼ ਪੁਲਿਸ ਚੌਂਕੀ ਲੈ ਗਏ ਅਤੇ ਉੱਥੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਸ ਘਟਨਾ ਦੀ ਵੀਡੀਓ ਅਤੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਅਤੇ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਖੁਦ ਰੋਸ ਵਾਲੀ ਥਾਂ ‘ਤੇ ਪਹੁੰਚ ਕੇ ਪੀੜਤ ਦਾ ਸਾਥ ਦੇਣਗੇ। ਇਸ ਤੋਂ ਬਾਅਦ ਪੁਲਿਸ ਨੇ ਸ. ਰਣਜੋਤ ਸਿੰਘ ਦੀ ਸ਼ਿਕਾਇਤ ‘ਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਵਿਅਕਤੀਆਂ ਵਿਰੁੱਧ ਪਰਚੇ ਦਰਜ ਕਰ ਦਿੱਤੇ ਹਨ।
ਜਥੇਦਾਰ ਨੇ ਕਿਹਾ ਕਿ ਪੰਜਾਬ ਅੰਦਰ ਕਿਸੇ ਵੀ ਸਿੱਖ ਨੌਜਵਾਨ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਹੜੇ ਵੀ ਵਿਅਕਤੀ ਕਿਸੇ ਧਰਮ ਬਾਰੇ ਮੰਦੀ ਭਾਵਨਾ ਰੱਖਦੇ ਹਨ, ਪ੍ਰਸ਼ਾਸਨ ਨੂੰ ਉਨ੍ਹਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੀ ਰਾਖੀ ਕਰਨੀ ਹੈ, ਜੇ ਉਹੀ ਕਾਨੂੰਨ ਦੀ ਉਲੰਘਣਾ ਕਰਨਗੇ ਤਾਂ ਆਮ ਲੋਕ ਨਿਆਂ ਲਈ ਕਿੱਥੇ ਜਾਣਗੇ?

