International Panthic Dal Appeals to Giani Raghbir Singh to Convene Sarbat Khalsa on Vaisakhi

International Panthic Dal Appeals to Giani Raghbir Singh to Convene Sarbat Khalsa on Vaisakhi

ਇੰਟਰਨੈਸ਼ਨਲ ਪੰਥਕ ਦਲ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਵਿਸਾਖੀ ‘ਤੇ ਸਰਬੱਤ ਖਾਲਸਾ ਸੱਦਣ ਦੀ ਅਪੀਲ

19 ਫ਼ਰਵਰੀ 2026, ਲੰਡਨ/ਅੰਮ੍ਰਿਤਸਰ – ਪੰਥਕ ਮਸਲਿਆਂ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਯੂਕੇ ਅਧਾਰਿਤ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਗਈ ਹੈ ਕਿ ਜੇ ਉਹ ਖਾਲਸਾ ਪੰਥ ਵਿੱਚ ਸੁਰਖਰੂ ਹੋਣਾ ਚਾਹੁੰਦੇ ਹਨ ਤਾਂ ਆਉਣ ਵਾਲੀ ਵਿਸਾਖੀ ਦੇ ਪਵਿੱਤਰ ਦਿਨ ਸਰਬੱਤ ਖਾਲਸਾ ਸੱਦਣ ਦਾ ਐਲਾਨ ਕਰਨ। ਬੀਤੇ ਦਿਨ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਰਘਬੀਰ ਸਿੰਘ ਵੱਲੋਂ ਕੌਮ ਨੂੰ ਸਰਬੱਤ ਖਾਲਸਾ ਸੱਦਣ ਦੀ ਗੱਲ ਤਾਂ ਕੀਤੀ ਗਈ ਸੀ, ਪਰ ਇਹ ਸਪਸ਼ਟ ਨਹੀਂ ਕੀਤਾ ਗਿਆ ਸੀ ਕਿ ਇਸ ਨੂੰ ਸੱਦਣ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ। ਇਸ ਸੰਦਰਭ ਵਿੱਚ ਇੰਟਰਨੈਸ਼ਨਲ ਪੰਥਕ ਦਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਹੈੱਡ ਗ੍ਰੰਥੀ ਹੋਣ ਦੇ ਨਾਤੇ ਇਹ ਇਤਿਹਾਸਕ ਜ਼ਿੰਮੇਵਾਰੀ ਉਹ ਖੁਦ ਨਿਭਾ ਸਕਦੇ ਹਨ। ਦਲ ਨੇ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਖਾਲਸਾ ਪੰਥ ਮੁਸ਼ਕਲ ਸਮਿਆਂ ਵਿੱਚੋਂ ਲੰਘਿਆ ਹੈ, ਤਦੋਂ ਸਰਬੱਤ ਖਾਲਸਾ ਰਾਹੀਂ ਸਾਂਝੇ ਫ਼ੈਸਲੇ ਕਰਕੇ ਮਸਲਿਆਂ ਦਾ ਹੱਲ ਲੱਭਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਮਾਤਾ ਸੁੰਦਰ ਕੌਰ ਅਤੇ ਭਾਈ ਮਨੀ ਸਿੰਘ ਦੇ ਸਮੇਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਔਖੇ ਦੌਰ ਵਿੱਚ ਪੰਥ ਨੂੰ ਇਕੱਠਾ ਕਰਨ ਲਈ ਦ੍ਰਿੜ੍ਹ ਅਤੇ ਨਿਰਣਾਇਕ ਕਦਮ ਚੁੱਕੇ ਗਏ ਸਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਮੌਜੂਦਾ ਪੰਥਕ ਸਥਿਤੀ ਵਿੱਚ ਇਕਤਾ ਅਤੇ ਸਪਸ਼ਟ ਦਿਸ਼ਾ ਦੀ ਲੋੜ ਹੈ। ਉਨ੍ਹਾਂ ਦਾ ਮਤ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੂਰੀ ਕੌਮ ਵੱਲੋਂ ਸਰਬ-ਪ੍ਰਮਾਣਿਤ ਨਹੀਂ ਮੰਨਿਆ ਜਾ ਰਿਹਾ, ਜਿਸ ਕਾਰਨ ਹੈੱਡ ਗ੍ਰੰਥੀ ਦੀ ਭੂਮਿਕਾ ਹੋਰ ਵੀ ਅਹਿਮ ਬਣ ਜਾਂਦੀ ਹੈ। ਦਲ ਨੇ ਅਪੀਲ ਕੀਤੀ ਹੈ ਕਿ ਵਿਸਾਖੀ ਦੇ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਬੱਤ ਖਾਲਸਾ ਸੱਦਣ ਦਾ ਐਲਾਨ ਕਰਕੇ ਪੰਥਕ ਮਸਲਿਆਂ ਦਾ ਸਾਂਝੇ ਤੌਰ ‘ਤੇ ਹੱਲ ਲੱਭਣ ਵੱਲ ਕਦਮ ਚੁੱਕਿਆ ਜਾਵੇ। ਇਹ ਬਿਆਨ ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਧਾਨ ਭਾਈ ਰਘਵੀਰ ਸਿੰਘ, ਅੰਤਰਰਾਸ਼ਟਰੀ ਚੀਫ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਢਾਡੀ, ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਭਾਈ ਕਪਤਾਨ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਈ ਰਘਬੀਰ ਸਿੰਘ ਬੀਰ੍ਹਾ ਅਤੇ ਚੀਫ ਆਰਗੇਨਾਈਜ਼ਰ ਭਾਈ ਰਘਬੀਰ ਸਿੰਘ ਮਾਲੜੀ ਵੱਲੋਂ ਸਾਂਝੇ ਤੌਰ ‘ਤੇ ਜਾਰੀ ਕੀਤਾ ਗਿਆ ਹੈ।