Shri Akal Takht Sahib Head Granthi Giani Gurmukh Singh Reacts to Giani Raghbir Singh’s Statement
ਗਿਆਨੀ ਰਘਬੀਰ ਸਿੰਘ ਦੇ ਬਿਆਨ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੀ ਪ੍ਰਤੀਕਿਰਿਆ

18 ਫ਼ਰਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਤਿਕਾਰਯੋਗ ਪਦਵੀ ‘ਤੇ ਹੁੰਦਿਆਂ ਸਿੱਖ ਭਾਵਨਾਵਾਂ ਨਾਲ ਜੁੜੇ ਮਾਮਲਿਆਂ ‘ਤੇ ਸੰਗਤਾਂ ਅੰਦਰ ਭਰਮ ਪੈਦਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।
ਗਿਆਨੀ ਗੁਰਮੁਖ ਸਿੰਘ ਨੇ ਸਪੱਸ਼ਟ ਕੀਤਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਸਮੇਂ ਜ਼ਖਮੀ ਹੋਏ ਪਾਵਨ ਸਰੂਪ ਦੀ ਸੇਵਾ ਮਰਿਆਦਾ ਅਨੁਸਾਰ ਪੂਰੇ ਸਤਿਕਾਰ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਾਵਨ ਸ਼ਸਤਰਾਂ ਦੇ ਮਾਮਲੇ ‘ਤੇ ਵੀ ਮਾਹਿਰਾਂ ਦੀ ਰਾਏ ਅਨੁਸਾਰ ਜ਼ਰੂਰਤ ਨੂੰ ਮੁੱਖ ਰੱਖਦਿਆਂ ਸੇਵਾ ਕੀਤੀ ਗਈ ਸੀ। ਗਿਆਨੀ ਗੁਰਮੁਖ ਸਿੰਘ ਨੇ ਯਾਦ ਕਰਵਾਇਆ ਕਿ ਗਿਆਨੀ ਰਘਬੀਰ ਸਿੰਘ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ ਜਦੋਂ ਇਹ ਸੇਵਾਵਾਂ ਹੋਈਆਂ।
ਉਨ੍ਹਾਂ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਨਾਲ ਸੰਬੰਧਿਤ ਜ਼ਖਮੀ ਹੋਏ ਪਾਵਨ ਸਰੂਪ ਸਲਾਬ ਖਰਾਬ ਹੋ ਰਹੇ ਸਨ ਜਿਸ ਦੀ ਸੰਭਾਲ ਲਈ ਸਿੱਖ ਸੰਸਥਾ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਦੀ ਸੇਵਾ ਕਰਵਾਈ। ਇਸ ਸੇਵਾ ਦੌਰਾਨ ਅਨੇਕਾਂ ਸੰਗਤਾਂ ਨੇ ਦਰਸ਼ਨ ਕੀਤੇ ਹਨ। ਗੁਰੂ ਸਾਹਿਬ ਨਾਲ ਸਬੰਧਤ ਪਾਵਨ ਸ਼ਸਤਰਾਂ ਦੀ ਸੇਵਾ ਜੂਨ 1984 ਦੇ ਫੌਜੀ ਹਮਲੇ ਸਮੇਂ ਨੁਕਸਾਨੇ ਗਏ ਸਨ ਜਿਸ ਕਾਰਨ ਇਸ ਦੀ ਜ਼ਰੂਰਤ ਸੀ। ਇਸ ਦੀ ਕਾਰ ਸੇਵਾ ਹਜੂ਼ੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਨੂੰ ਸੌਂਪੀ ਗਈ ਜਿਨ੍ਹਾਂ ਨੇ ਮਾਹਰ ਕਾਰੀਗਰਾਂ ਰਾਹੀਂ ਸੇਵਾ ਕਰਵਾਈ। ਇਸ ਸੇਵਾ ਦੌਰਾਨ ਪੁਰਾਤਨਤਾ ਅਤੇ ਸਤਿਕਾਰ ਦਾ ਪੂਰਾ ਧਿਆਨ ਰੱਖਿਆ ਗਿਆ।
ਗਿਆਨੀ ਗੁਰਮੁਖ ਸਿੰਘ ਨੇ ਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਬਾਰੇ ਉਠਾਏ ਸਵਾਲ ਨੂੰ ਬਿਲਕੁਲ ਬੇਬੁਨਿਆਦ ਦੱਸਿਆ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿ ਕੇ ਗੁਰਮਤ ਅਨੁਸਾਰ ਚੱਲਿਆ ਜਾਵੇ।
