“Massive Gathering at Akali Dal Waris Punjab Conference at Takht Sri Damdama Sahib Breaks All Records”
“ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਕਾਨਫ਼ਰੰਸ ਵਿੱਚ ਹੋਏ ਇਕੱਠ ਨੇ ਤੋੜੇ ਸਾਰੇ ਰਿਕਾਰਡ”

14 ਅਪ੍ਰੈਲ 2026 ਤਲਵੰਡੀ ਸਾਬੋ – ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਆਯੋਜਿਤ ਵਿਸ਼ਾਲ ਪੰਥਕ ਕਾਨਫ਼ਰੰਸ ਵਿਚ ਇੱਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ। ਪੂਰੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਅਤੇ ਪੰਥਕ ਏਕਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਚੁੱਪ ਰਹਿਣ ਦਾ ਨਹੀਂ, ਸਗੋਂ ਪੰਥ ਅਤੇ ਪੰਜਾਬ ਦੀ ਰਾਖੀ ਲਈ ਇਕੱਠੇ ਹੋਣ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਗੰਭੀਰ ਸੰਕਟ ਵਿਚ ਘਿਰਿਆ ਹੋਇਆ ਹੈ। ਨੌਜਵਾਨੀ ਨਸ਼ਿਆਂ ਅਤੇ ਬੇਰੁਜ਼ਗਾਰੀ ਵਿਚ ਫਸ ਰਹੀ ਹੈ, ਕਿਸਾਨ ਕਰਜ਼ਿਆਂ ਹੇਠ ਕੁਚਲੇ ਜਾ ਰਹੇ ਹਨ ਅਤੇ ਰਿਵਾਇਤੀ ਸਿਆਸੀ ਪਾਰਟੀਆਂ ਆਪਣੇ ਸਵਾਰਥ ਲਈ ਪੰਜਾਬ ਦੇ ਹੱਕ ਵੇਚ ਰਹੀਆਂ ਹਨ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਉੱਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ।
ਭਾਈ ਮਨਦੀਪ ਸਿੰਘ ਸਿੱਧੂ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਸਰਬਜੀਤ ਸਿੰਘ ਖਾਲਸਾ ਤੇ ਹੋਰ ਆਗੂਆਂ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਪੰਜਾਬ ਦੀ ਕਿਸਮਤ ਦਾ ਫੈਸਲਾ ਕਰਨ ਵਾਲਾ ਇਤਿਹਾਸਕ ਮੌਕਾ ਹਨ। ਉਨ੍ਹਾਂ ਅਪੀਲ ਕੀਤੀ ਕਿ ਹਰ ਪੰਜਾਬੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਥ ਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਇੱਕ ਅਜਿਹੀ ਸਰਕਾਰ ਬਣਾਈ ਜਾਵੇ ਜੋ ਪੰਜਾਬ ਦੇ ਹੱਕਾਂ ਲਈ ਡੱਟ ਕੇ ਲੜੇ।
ਇਸ ਕਾਨਫ਼ਰੰਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ ਪੂਰੀ ਲੀਡਰਸ਼ਿਪ ਹਾਜ਼ਰ ਰਹੀ। ਇਸ ਵੱਡੇ ਇਕੱਠ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਉੱਤੇ ਨਵੀਂ ਉਮੀਦ ਅਤੇ ਉਤਸਾਹ ਪੈਦਾ ਕੀਤਾ ਹੈ। ਸੰਗਤ ਨੇ ਭਰਪੂਰ ਉਤਸਾਹ ਨਾਲ ਨਾਅਰੇਬਾਜ਼ੀ ਵੀ ਕੀਤੀ ਅਤੇ ਪੰਥਕ ਏਕਤਾ ਦਾ ਸੰਦੇਸ਼ ਦਿੱਤਾ।
