A large drug trafficking gang run by Punjabis has been exposed in Canada!
ਕੈਨੇਡਾ ‘ਚ ਪੰਜਾਬੀਆਂ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ !
Toranto, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ।ਇਹ ਗਿਰੋਹ ਪੰਜਾਬੀਆਂ ਦੇ ਇਕ ਵੱਡੇ ਸਮੂਹ ਦੁਆਰਾ ਚਲਾਇਆ ਜਾ ਰਿਹਾ ਸੀ। ‘ਪ੍ਰੋਜੈਕਟ ਬੇਅ’ ਤਹਿਤ ਪੁਲਿਸ ਨੇ ਲਗਭਗ 140 ਮਿਲੀਅਨ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜੋ ਕਿ ਭਾਰ ਦੇ ਲਿਹਾਜ਼ ਨਾਲ ਓਨਟਾਰੀਓ ਦੀ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਹੈ। ਇਸ ਸਬੰਧੀ ਜਾਂਚ ਜਨਵਰੀ 2025 ਵਿੱਚ ਸ਼ੁਰੂ ਹੋਈ, ਜਦੋਂ ਵਿੰਡਸਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਗਤੀਵਿਧੀ ਦੀ ਜਾਂਚ ਸ਼ੁਰੂ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਨੈੱਟਵਰਕ ਵਪਾਰਕ ਆਵਾਜਾਈ ਉਦਯੋਗ ਵਿੱਚ ਇੱਕ ਬ੍ਰੋਕਰ-ਸਟਾਈਲ ਆਪਰੇਸ਼ਨ ਚਲਾ ਰਿਹਾ ਸੀ। ਤਸਕਰਾਂ ਨੇ ਜਾਇਜ਼ ਸਪਲਾਈ ਚੇਨਾਂ ਰਾਹੀਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਲਿਜਾਣ ਲਈ ਵਪਾਰਕ ਟਰੱਕਿੰਗ ਉਦਯੋਗ ਦੀ ਵਰਤੋਂ ਕੀਤੀ। ਤਸਕਰ ਅਜਿਹੇ ਡਰਾਈਵਰਾਂ ਦੀ ਭਰਤੀ ਕਰਦੇ ਸਨ ਜੋ ਜਾਣਬੁੱਝ ਕੇ ਕਾਨੂੰਨੀ ਸਪਲਾਈ ਚੇਨ ਦੇ ਅੰਦਰ ਨਸ਼ਿਆਂ ਨੂੰ ਲੁਕਾ ਕੇ ਸਰਹੱਦ ਪਾਰ ਪਹੁੰਚਾਉਂਦੇ ਸਨ। ਇਸ ਜਾਂਚ ਵਿੱਚ ਵਿੰਡਸਰ ਪੁਲਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਨਾਲ-ਨਾਲ ਅਮਰੀਕੀ ਜਾਂਚ ਏਜੰਸੀਆਂ ਨੇ ਵੀ ਸਹਿਯੋਗ ਦਿੱਤਾ। ਪੁਲਿਸ ਨੇ ਬਰੈਂਪਟਨ, ਵਿੰਡਸਰ, ਲਾਸਾਲੇ, ਮਾਰਖਮ ਅਤੇ ਕੈਲੇਡਨ ਸਮੇਤ ਕਈ ਸ਼ਹਿਰਾਂ ਵਿੱਚ 22 ਸਰਚ ਵਾਰੰਟ ਜਾਰੀ ਕੀਤੇ ਸਨ। ਇਸ ਮਾਮਲੇ ਵਿੱਚ ਕੁੱਲ 21 ਲੋਕਾਂ ਵਿਰੁੱਧ 102 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਵਿੰਡਸਰ ਦੇ ਦੋ ਮੁਲਜ਼ਮ ਅਜੇ ਵੀ ਫ਼ਰਾਰ ਹਨ। ਦੋਸ਼ੀਆਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਜਿਨ੍ਹਾਂ ਵਿਚੋਂ ਕੁਝ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿਚ ਨਵਪ੍ਰੀਤ ਸਿੰਘ, ਹਨਿੰਦਰਪਾਲ ਗਰੇਵਾਲ, ਗਗਨਦੀਪ ਥਿੰਦਲ, ਸਿਮਰਨਜੀਤ ਸਿੰਘ,ਕੰਵਰਪਾਲ ਕੁਲਾਰ, ਜਤਿੰਦਰਪਾਲ ਸਿੰਘ, ਜਸਵਿੰਦਰ ਸੋਹੀ, ਤੇਜਵਿੰਦਰ ਸੰਧੂ, ਹਰਜਵਿੰਦਰ ਸੰਧੂ,ਤਰਮਿੰਦਰ ਸਿੰਘ ਆਦਿ ਸ਼ਾਮਲ ਹਨ।
-ਨਸ਼ੀਲੇ ਪਦਾਰਥ: 973 ਕਿਲੋਗ੍ਰਾਮ ਕੋਕੀਨ, 660 ਕਿਲੋਗ੍ਰਾਮ ਮੇਥਾਮਫੇਟਾਮਾਈਨ ਅਤੇ 49 ਕਿਲੋਗ੍ਰਾਮ ਅਫੀਮ, 230 ਆਕਸੀਕੋਡੋਨ ਗੋਲੀਆਂ।
-ਹਥਿਆਰ: 17 ਹਥਿਆਰ, ਗੋਲਾ ਬਾਰੂਦ ਅਤੇ ਪਾਬੰਦੀਸ਼ੁਦਾ ਹਥਿਆਰ,ਜਿਨ੍ਹਾਂ ਵਿੱਚ ਇੱਕ ਐਂਟੀ-ਟੈਂਕ ਰਾਈਫਲ ਵੀ ਸ਼ਾਮਲ ਹੈ।
-ਨਕਦੀ: ਲਗਭਗ 80,000 ਕੈਨੇਡੀਅਨ ਡਾਲਰ ਅਤੇ 10,000 ਅਮਰੀਕੀ ਡਾਲਰ।
-ਹੋਰ ਸਾਮਾਨ: ਗਹਿਣੇ, ਮਨੀ ਕਾਊਂਟਰ, 43 ਸੈਲਫੋਨ ਅਤੇ 6 ਲੈਪਟਾਪ।
-ਇੱਕ ਵਾਹਨ ਜੋ ਅਪਰਾਧ ਨਾਲ ਸਬੰਧਤ ਜਾਇਦਾਦ ਮੰਨਿਆ ਜਾਂਦਾ ਹੈ।

