A major upheaval is set to take place in Punjab politics; the equations will change
ਪੰਜਾਬ ਦੀ ਸਿਆਸਤ ‘ਚ ਹੋਣ ਜਾ ਰਿਹਾ ਵੱਡਾ ਧਮਾਕਾ, ਬਦਲਣਗੇ ਸਮੀਕਰਣ
ਪਟਿਆਲਾ/ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੀ ਸਿਆਸਤ ਵਿਚ ਇਕ ਹੋਰ ਧਮਾਕਾ ਹੋਣ ਜਾ ਰਿਹਾ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪੁਨਰ-ਸੁਰਜੀਤ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਦੀਵਾਲੀ ਤੋਂ ਪਹਿਲਾਂ ਜਾਂ 1-2 ਦਿਨਾਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ। ਪ੍ਰੋ. ਚੰਦੂਮਾਜਰਾ ਦੇ ਅਸਤੀਫੇ ਨਾਲ ਪੁਨਰ-ਸੁਰਜੀਤ ਅਕਾਲੀ ਦਲ ਦਾ ਲੱਕ ਟੁੱਟ ਗਿਆ ਹੈ ਕਿਉਂਕਿ ਪ੍ਰੋ. ਚੰਦੂਮਾਜਰਾ ਦਾ ਪਟਿਆਲਾ ਅਤੇ ਸ੍ਰੀ ਅਨੰਦਪੁਰ ਲੋਕ ਸਭਾ ਹਲਕਿਆਂ ਵਿਚ ਵੱਡਾ ਪ੍ਰਭਾਵ ਹੈ ਅਤੇ ਉਹ ਇਨ੍ਹਾਂ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਹਨ। ਚੰਦੂਮਾਜਰਾ ਨੂੰ ਕੀਲਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਖਾਸਮ-ਖਾਸ ਆਗੂ, ਜਿਹੜਾ ਮਾਲਵਾ ਖੇਤਰ ਨਾਲ ਸਬੰਧ ਰੱਖਦਾ ਹੈ, ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਸੀ ਅਤੇ ਉਸ ਦੇ ਯਤਨਾਂ ਸਦਕਾ ਹੀ ਇਹ ਕਾਰਜ ਨੇਪਰੇ ਚੜ੍ਹਿਆ ਹੈ। ਅਕਾਲੀ ਦਲ ਦੇ ਅੰਦਰਲੇ ਸੂਤਰਾਂ ਮੁਤਾਬਕ ਇਹ ਆਗੂ ਦੂਜੇ ਪੰਥਕ ਆਗੂਆਂ ਨਾਲ ਰਾਬਤਾ ਬਣਾ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਪੁਨਰ-ਸੁਰਜੀਤ ਅਕਾਲੀ ਦਲ ਦੇ ਹੋਰ ਵੱਡੇ ਆਗੂ ਅਤੇ 5-6 ਸ਼੍ਰੋਮਣੀ ਕਮੇਟੀ ਮੈਂਬਰ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਸਕਦੇ ਹਨ। ਸੂਤਰਾਂ ਅਨੁਸਾਰ ਇਹ ਆਗੂ ਲਗਾਤਾਰ ਇਨ੍ਹਾਂ ਲੀਡਰਾਂ ਦੇ ਸੰਪਰਕ ਵਿਚ ਹੈ। ਸੁਖਬੀਰ ਬਾਦਲ ਦੇ ਅਤਿ-ਨਜ਼ਦੀਕੀ ਇਸ ਆਗੂ ਨੇ ਪਹਿਲਾਂ ਵੀ ਕੁਝ ਲੀਡਰਾਂ ਦੀ ਅਕਾਲੀ ਦਲ ਵਿਚ ਵਾਪਸੀ ਕਰਵਾਈ ਹੈ।ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਅਗਲੇ ਦਿਨਾਂ ਵਿਚ ਸਿਰੇ ਚੜ੍ਹਨ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਸਬੰਧੀ ਗੱਲਬਾਤ ਆਖਰੀ ਦੌਰ ਵਿਚ ਦੱਸੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਬਹੁਤ ਸਾਰੇ ਆਗੂ, ਜਿਹੜੇ ਇੱਧਰ-ਉਧਰ ਗਏ ਹਨ, ਦੇ ਅਕਾਲੀ ਦਲ ਨਾਲ ਮੁੜ ਸੰਪਰਕ ਕਾਇਮ ਕਰਨ ਦੀਆਂ ਕਨਸੋਆਂ ਆ ਰਹੀਆਂ ਹਨ ਕਿਉਂਕਿ ਇਹ ਆਗੂ ਸੋਚਦੇ ਹਨ ਕਿ ਜਿੱਥੇ-ਜਿੱਥੇ ਵੀ ਉਹ ਇਸ ਵੇਲੇ ਬੈਠੇ ਹਨ, ਉਥੇ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ, ਇਸ ਲਈ ਉਹ ਆਪਣੇ ਪਰ ਤੋਲਣ ਲੱਗ ਪਏ ਹਨ। ਅਕਾਲੀ ਦਲ ਛੱਡ ਕੇ ਗਏ ਆਗੂਆਂ ਨੂੰ ਮੁੜ ਵਾਪਸ ਲਿਆਉਣ ਨਾਲ ਸੁਖਬੀਰ ਬਾਦਲ ’ਤੇ ਲੋਕਾਂ ਦਾ ਭਰੋਸਾ ਹੋਰ ਵਧੇਗਾ। ਸੂਤਰ ਇਹ ਵੀ ਦੱਸਦੇ ਹਨ ਕਿ ਇਸ ਵੇਲੇ ਪੰਜਾਬ ਦੇ ਲੋਕ ਸੂਬੇ ਵਿਚ ਅਜਿਹੀ ਸਰਕਾਰ ਬਣਾਉਣ ਦੇ ਰੌਂਅ ਵਿਚ ਦਿਖਾਈ ਦੇ ਰਹੇ ਹਨ, ਜਿਹੜੀ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਵੇ।

