A special gathering was held with all Singh Sabhas, youth, and women associations of Jamshedpur.

ਜਮਸ਼ੇਦਪੁਰ ਦੀਆਂ ਸਮੂਹ ਸਿੰਘ ਸਭਾਵਾਂ, ਨੌਜਵਾਨ ਤੇ ਇਸਤਰੀ ਸਭਾਵਾਂ ਨਾਲ ਹੋਈ ਵਿਸ਼ੇਸ਼ ਇਕੱਤਰਤਾ

ਰਾਮਗੜ੍ਹੀਆ ਸਭਾ ਹਾਲ ਜਮਸ਼ੇਦਪੁਰ (ਝਾਰਖੰਡ) ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ਵਿੱਚ ਟਾਟਾ ਨਗਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਇਸਤਰੀ ਸਭਾਵਾਂ, ਨੌਜਵਾਨ ਸਭਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਇਹ ਇਕੱਤਰਤਾ ਸਿੱਖ ਕੌਮ ਦੀ ਚੜ੍ਹਦੀ ਕਲਾ, ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਫ਼ਲਸਫ਼ੇ ਨੂੰ ਅੱਗੇ ਵਧਾਉਣ ਲਈ ਸਾਂਝੇ ਯਤਨਾਂ ਉੱਤੇ ਕੇਂਦ੍ਰਿਤ ਸੀ। ਸੰਗਤ ਨਾਲ ਗੁਰਮਤਿ ਦੀ ਰੌਸ਼ਨੀ ਵਿੱਚ ਚਰਚਾ ਹੋਈ ਕਿ ਸਾਰੀਆਂ ਸਿੱਖ ਸੰਸਥਾਵਾਂ ਇਕਜੁੱਟ ਹੋ ਕੇ ਕੌਮ ਦੀ ਮਜ਼ਬੂਤੀ, ਏਕਤਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਣ ਲਈ ਕਿਵੇਂ ਯਤਨ ਕਰ ਸਕਦੀਆਂ ਹਨ।

ਇਸ ਮੌਕੇ ਇਹ ਵੀ ਵਿਚਾਰਿਆ ਗਿਆ ਕਿ ਜਮਸ਼ੇਦਪੁਰ ਵਿੱਚ ਚੱਲ ਰਹੀਆਂ ਸਿੱਖ ਸੰਸਥਾਵਾਂ ਵੱਲੋਂ ਲੋੜਵੰਦ ਸਿੱਖ ਪਰਿਵਾਰਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਕਿਹੜੀਆਂ ਨੀਤੀਆਂ ਬਣਾਈਆਂ ਜਾਣ। ਵਿਸ਼ੇਸ਼ ਤੌਰ ‘ਤੇ ਇਹ ਯਕੀਨੀ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ ਕਿ ਕੋਈ ਵੀ ਸਿੱਖ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹੇ। ਗੁਰਦੁਆਰਿਆਂ ਵਿੱਚ ਸੇਵਾ ਨਿਭਾਅ ਰਹੇ ਗ੍ਰੰਥੀ ਸਿੰਘਾਂ, ਰਾਗੀ ਜਥਿਆਂ ਅਤੇ ਸੇਵਾਦਾਰਾਂ ਦੇ ਪਰਿਵਾਰਾਂ ਦਾ ਖ਼ਾਸ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਦਾ ਖ਼ਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ।

ਇਕੱਤਰਤਾ ਦੌਰਾਨ “ਕੌਮ ਦੀ ਚੜ੍ਹਦੀ ਕਲਾ” ਵਿਸ਼ੇ ‘ਤੇ ਸਵਾਲ-ਜਵਾਬ ਦਾ ਇੱਕ ਵਿਸ਼ੇਸ਼ ਸੈਸ਼ਨ ਕੀਤਾ ਗਿਆ, ਜਿਸ ਵਿੱਚ ਸੰਗਤ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਗੁਰਮਤਿ ਦੀ ਰੌਸ਼ਨੀ ਵਿੱਚ ਦਿੱਤੇ ਗਏ। ਸੰਗਤ ਨੇ ਵੱਡੇ ਉਤਸ਼ਾਹ ਨਾਲ ਇਸ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਹ ਇਕੱਤਰਤਾ ਸਿਰਫ਼ ਚਰਚਾ ਤੱਕ ਸੀਮਿਤ ਨਾ ਰਹੀ, ਸਗੋਂ ਸਿੱਖ ਕੌਮ ਦੇ ਭਵਿੱਖ ਲਈ ਨਵੀਆਂ ਦਿਸ਼ਾਵਾਂ ਤੈਅ ਕਰਨ ਦਾ ਮੌਕਾ ਸਾਬਤ ਹੋਈ।

ਇਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350 ਸਾਲਾ ਗੁਰਤਾ ਗੱਦੀ ਸ਼ਤਾਬਦੀ ਸਮਾਗਮਾਂ ਬਾਰੇ ਵੀ ਵਿਸਥਾਰ ਨਾਲ ਵਿਚਾਰ-ਚਰਚਾ ਹੋਈ ਅਤੇ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਕੀਤੇ ਜਾ ਰਹੇ ਸਮਾਗਮਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ। ਜਮਸ਼ੇਦਪੁਰ ਵਿੱਚ ਅਕਾਲੀ ਦਲ ਦਾ ਇੱਕ ਯੂਨਿਟ ਲਗਭਗ 100 ਸਾਲਾਂ ਤੋਂ ਧਰਮ ਪ੍ਰਚਾਰ ਅਤੇ ਕੌਮੀ ਸੇਵਾ ਵਿੱਚ ਸ਼ਾਨਦਾਰ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਦੀ ਸੇਵਾ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ।

ਇਸ ਸਮਾਗਮ ਦੀ ਸੋਭਾ ਵਧਾਉਣ ਵਾਲਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਚਰਨ ਸਿੰਘ ਗਰੇਵਾਲ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਨਰਲ ਸਕੱਤਰ ਸ. ਇੰਦਰਜੀਤ ਸਿੰਘ, ਕੋਲਕਾਤਾ ਤੋਂ ਸ. ਜਗਮੋਹਨ ਸਿੰਘ ਗਿੱਲ, ਸੀਜੀਪੀਸੀ ਦੇ ਚੇਅਰਮੈਨ ਸ. ਸ਼ੈਲੇਂਦਰ ਸਿੰਘ, ਸੀਜੀਪੀਸੀ ਪ੍ਰਧਾਨ ਸ. ਭਗਵਾਨ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸ. ਸੁਖਦੇਵ ਸਿੰਘ ਖ਼ਾਲਸਾ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ. ਕੇ.ਪੀ.ਐਸ. ਬੰਸਲ, ਜਨਰਲ ਸਕੱਤਰ ਸ. ਤੇਜਬੀਰ ਸਿੰਘ ਕਲਸੀ, ਸ. ਗੁਰਚਰਨ ਸਿੰਘ ਭੋਗਲ, ਸ. ਰਵਿੰਦਰ ਸਿੰਘ, ਸ. ਰਾਮ ਕ੍ਰਿਸ਼ਨ ਸਿੰਘ, ਗਿਆਨੀ ਜਰਨੈਲ ਸਿੰਘ, ਗਿਆਨੀ ਦਲਜੀਤ ਅਤੇ ਗਿਆਨੀ ਗੁਰਵਿੰਦਰ ਸਿੰਘ ਸਮੇਤ ਹੋਰ ਕਈ ਸ਼ਖ਼ਸੀਅਤਾਂ ਸ਼ਾਮਲ ਸਨ। ਇਹ ਇਕੱਤਰਤਾ ਜਮਸ਼ੇਦਪੁਰ ਦੀ ਸਿੱਖ ਸੰਗਤ ਵਿੱਚ ਗੁਰਮਤਿ ਸਿੱਖਿਆ, ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਣ, ਚੜ੍ਹਦੀ ਕਲਾ, ਏਕਤਾ ਤੇ ਕੌਮੀ ਭਾਵਨਾ ਭਰਨ ਵਾਲੀ ਸਾਬਤ ਹੋਈ।