A unique demonstration against the terror of dogs! A man came dressed as a ‘dog’
ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! ‘ਡੌਗੀ’ ਦਾ ਭੇਸ ਬਣਾ ਕੇ ਆ ਗਿਆ ਬੰਦਾ
New Delhi, (ਆਵਾਜ਼ਿ ਕੌਮ ਬਿਊਰੋ)-ਦੇਸ਼ ‘ਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਤੇ ਔਰਤਾਂ ‘ਤੇ ਕੁੱਤਿਆਂ ਦੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਲੋਕਾਂ ‘ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਅਤੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਨਸਬੰਦੀ ਪ੍ਰੋਗਰਾਮ ‘ਚ ਹੋਈ ਗੜਬੜੀ ਖ਼ਿਲਾਫ਼ ਇੱਕ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਕੁਲੈਕਟਰ ਦਫ਼ਤਰ ‘ਚ ਚੱਲ ਰਹੀ ਜਨਸੁਣਵਾਈ ਦੌਰਾਨ ਇੱਕ ਵਿਅਕਤੀ ਆਵਾਰਾ ਕੁੱਤਿਆਂ ਦੀ ਦੁਰਦਸ਼ਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣ ਲਈ ‘ਕੁੱਤੇ ਦਾ ਕਾਸਟਿਊਮ ਪਹਿਨ ਕੇ ਪਹੁੰਚ ਗਿਆ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਅਧਿਕਾਰੀ ਅਤੇ ਆਮ ਲੋਕ ਹੈਰਾਨ ਰਹਿ ਗਏ। ਡੌਗੀ ਦੇ ਕਾਸਟਿਊਮ ‘ਚ ਪਹੁੰਚੇ ਇਸ ਵਿਅਕਤੀ ਨੇ ਖੁਦ ਕੋਈ ਬਿਆਨ ਨਹੀਂ ਦਿੱਤਾ, ਪਰ ਉਸ ਦੇ ਇਸ ਅਨੋਖੇ ਵਿਰੋਧ ਪ੍ਰਦਰਸ਼ਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕਾਂ ਨੇ ਇਸ ਨੂੰ ਅਨੋਖਾ ਪ੍ਰਦਰਸ਼ਨ ਦੱਸਦਿਆਂ ਤੇਜ਼ੀ ਨਾਲ ਸ਼ੇਅਰ ਕੀਤਾ ਹੈ। ਖੰਡਵਾ ਨਗਰ ਨਿਗਮ ਦੇ ਵਿਰੋਧੀ ਧਿਰ ਦੇ ਨੇਤਾ ਦੀਪਕ ਰਾਠੌਰ ਵੀ ਇਸ ਪ੍ਰਦਰਸ਼ਨ ਦੌਰਾਨ ਮੌਜੂਦ ਸਨ। ਰਾਠੌਰ ਨੇ ਦੋਸ਼ ਲਗਾਇਆ ਕਿ ਖੰਡਵਾ ‘ਚ ਕੁੱਤਿਆਂ ਦੀ ਨਸਬੰਦੀ ਦੇ ਨਾਂ ‘ਤੇ ਵੱਡਾ ਭ੍ਰਿਸ਼ਟਾਚਾਰ ਹੋਇਆ ਹੈ। ਨਗਰ ਨਿਗਮ ਨੇ ਨਸਬੰਦੀ ਦੇ ਨਾਂ ‘ਤੇ ਲਗਭਗ 40 ਲੱਖ ਰੁਪਏ ਦਾ ਬਿਲ ਪਾਸ ਕੀਤਾ ਹੈ, ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੀਪਕ ਰਾਠੌਰ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਧਿਆਨ ਇਸ ਘੁਟਾਲੇ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਵੱਲ ਦਿਵਾਉਣ ਲਈ ਦਿੱਲੀ ਤੋਂ ਆਏ ਇੱਕ ਸਮਾਜਿਕ ਕਰਮਚਾਰੀ ਨੇ ‘ਡੌਗੀ’ ਬਣ ਕੇ ਇਹ ਪ੍ਰਦਰਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅਤੇ ਸੜਕਾਂ ‘ਤੇ ਆਵਾਰਾ ਕੁੱਤਿਆਂ ਦੇ ਵਧਦੇ ਆਤੰਕ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਲੈਕਟਰ ਦਫ਼ਤਰ ਵਿੱਚ ਅਰਜ਼ੀ ਦੇ ਕੇ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।

