‘AAP’ government should stop patronizing drug traffickers and take concrete action against drug smugglers: Sunil Jakhar
‘ਆਪ’ ਸਰਕਾਰ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਛੱਡੇ, ਨਸ਼ਾ ਸਮੱਗਲਰਾਂ ਖ਼ਿਲਾਫ਼ ਕਰੇ ਠੋਸ ਕਰਵਾਈ : ਸੁਨੀਲ ਜਾਖੜ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸਰਕਾਰ ਨੂੰ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਛੱਡ ਨਸ਼ੇ ਦੀ ਰੋਕਥਾਮ ਲਈ ਠੋਕ ਕਰਵਾਈ ਕਰਨ ਲਈ ਕਿਹਾ ਹੈ। ਜਦੋਂ ਪੰਜਾਬ ਨਸ਼ਿਆਂ ਦੀ ਭੱਠੀ ਵਿਚ ਸੜ੍ਹ ਰਿਹਾ ਹੈ ਤਾਂ ਮੁੱਖ ਮੰਤਰੀ ਵੱਲੋਂ ਜਨਮ ਦਿਨ ਮਨਾਉਣ ਲਈ ਫਰਾਂਸ ਜਾਣ ਤੇ ਅਫਸੋਸ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਕ ਇਕ ਪਲ ਦਾ ਹਿਸਾਬ ਰੱਖ ਰਹੇ ਹਨ। ਉਹ ਅਬੋਹਰ ਵਿੱਚ 14 ਸਤੰਬਰ ਨੂੰ ਮ੍ਰਿਤਕ ਪਾਏ ਗਏ ਲਵਪ੍ਰੀਤ ਸਿੰਘ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮ੍ਰਿਤਕ ਦੀ ਭੈਣ ਅਮਨਦੀਪ ਕੌਰ ਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਡੀਜੀਪੀ ਪੰਜਾਬ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗਲ ਕਰ ਰਹੇ ਸਨ। ਪ੍ਰੈੱਸ ਕਾਨਫਰੰਸ ਦੌਰਾਨ ਪਰਿਵਾਰ ਨੇ ਆਪਣੇ ਭਰਾ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਉੱਧਰ, ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਨੀਤੀ ਅਤੇ ਪੁਲਿਸ ਪ੍ਰਸ਼ਾਸਨ ਦੀ ਜਵਾਬਦੇਹੀ ’ਤੇ ਸਵਾਲ ਚੁੱਕਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ 5 ਤੋਂ 7 ਦਿਨਾਂ ਵਿੱਚ ਢੁੱਕਵੀਂ ਕਾਰਵਾਈ ਨਾ ਹੋਈ ਤਾਂ ਇਸ ਮਾਮਲੇ ਨੂੰ ਅਦਾਲਤ ਵਿੱਚ ਲਿਜਾਇਆ ਜਾਵੇਗਾ। ਮ੍ਰਿਤਕ ਲਵਪ੍ਰੀਤ ਸਿੰਘ ਦੀ ਭੈਣ ਅਮਨਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਉਸ ਦੇ ਭਰਾ ਦਾ 14 ਸਤੰਬਰ ਨੂੰ ਨਸ਼ਾ ਤਸਕਰਾਂ ਨੇ ਕਤਲ ਕਰਕੇ ਲਾਸ ਝਾੜੀਆਂ ਵਿਚ ਸੁੱਟ ਦਿੱਤੀ ਸੀ। ਅਮਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਵੱਲੋਂ 19 ਸਤੰਬਰ ਨੂੰ ਐੱਸਐੱਸਪੀ ਅਤੇ ਡੀਜੀਪੀ ਪੰਜਾਬ ਨੂੰ ਈਮੇਲ ਅਤੇ ਸਪੀਡ ਪੋਸਟ ਰਾਹੀਂ ਸ਼ਿਕਾਇਤਾਂ ਭੇਜੀਆਂ ਗਈਆਂ ਸਨ, ਪਰ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਨਸ਼ਿਆਂ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਲਾਕੇ ਵਿੱਚ ਨਾਬਾਲਗ ਬੱਚਿਆਂ ਤੱਕ ਦੇ ਨਸ਼ਾ ਵੇਚਣ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸੁਨੀਲ ਜਾਖੜ ਨੇ ਦੱਸਿਆ ਕਿ ਇਸ ਮਾਮਲੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਮ੍ਰਿਤਕ ਦੀ ਭੈਣ ਅਮਨਦੀਪ ਕੌਰ ਨੇ ਆਪਣੇ ਪੱਧਰ ਤੇ ਹੰਭਲਾ ਮਾਰ ਕੇ ਇਕੱਠੀ ਕਰਕੇ ਪੈਨ ਡਰਾਈਵ ਰਾਹੀਂ ਡੀਜੀਪੀ ਪੰਜਾਬ ਨੂੰ ਸੌਂਪੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਬਜਾਏ ਜਿੱਥੋਂ ਇਹ ਸੀਸੀਟੀਵੀ ਫੁਟੇਜ ਇੱਕਠੇ ਕੀਤੇ ਗਏ ਉਨ੍ਹਾਂ ਨੂੰ ਡਰਾ ਕੇ ਉਹ ਫੁਟੇਜ ਡਿਲੀਟ ਕਰਵਾਏ ਜਾਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਉਪਲਬਧ ਸਾਰੇ ਡਿਜੀਟਲ ਸਬੂਤਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਸਮੇਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਮਹੱਤਵਪੂਰਨ ਸਬੂਤ ਨੂੰ ਨੁਕਸਾਨ ਨਾ ਪਹੁੰਚੇ ਅਤੇ ਮੌਤ ਦੀ ਸੱਚਾਈ ਸਾਹਮਣੇ ਆ ਸਕੇ। ਜਾਖੜ ਨੇ 28 ਅਪ੍ਰੈਲ 2025 ਨੂੰ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਦੀ ਬਰਾਮਦਗੀ ਦੇ ਮਾਮਲਿਆਂ ਵਿੱਚ ਸਬੰਧਤ ਥਾਣੇ ਦੇ ਐੱਸਐੱਚਓ ਨੂੰ ਜਵਾਬਦੇਹ ਬਣਾਉਣ ਬਾਰੇ ਕੀਤੇ ਗਏ ਐਲਾਨ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਜੇਕਰ ਨਸ਼ਾ ਤਸਕਰੀ ਰੋਕਣ ਲਈ ਜਵਾਬਦੇਹੀ ਤੈਅ ਕੀਤੀ ਗਈ ਸੀ, ਤਾਂ ਇਸ ਦੇ ਨਤੀਜੇ ਕਿੱਥੇ ਹਨ? ਸੁਨੀਲ ਜਾਖੜ ਨੇ ਕਿਹਾ ਕਿ ਪ੍ਰੈਗਾਬਲਿਨ ਤੇ ਪਾਬੰਦੀ ਤੋਂ ਬਾਅਦ ਜ਼ਿਲ੍ਹਾ ਮੈਜਿਸਟੇ੍ਟਾਂ ਵੱਲੋਂ ਪਾਬੰਦੀ ਸਬੰਧੀ ਕੱਢੇ ਹੁਕਮਾਂ ਤੋਂ ਬਾਅਦ ਕਿਸੇ ਅਧਿਕਾਰੀ ਨੇ ਕਦੇ ਦਵਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਚੈਕ ਕਰਨ ਦੀ ਜਹਿਮਤ ਨਹੀਂ ਉਠਾਈ ਕਿ ਇੰਨ੍ਹਾਂ ਹੁਕਮਾਂ ਤੇ ਪਾਲਣਾ ਹੋ ਰਹੀ ਹੈ, ਬਲਕਿ ਸਰਕਾਰ ਦਫ਼ਤਰੀ ਹੁਕਮ ਜਾਰੀ ਕਰਕੇ ਸਿਰਫ ਕਾਗਜੀ ਕਾਰਵਾਈ ਤੱਕ ਸੀਮਤ ਰਹੀ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਨਸ਼ੇ ਨੂੰ ਰੋਕਣ ਲਈ ਸਰਕਾਰ ਵੱਲੋਂ ਜੇਕਰ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਪਰਵਿੰਦਰ ਸਿੰਘ ਝੋਨਾ ਜਿੰਦਾ ਹੁੰਦਾ। ਸੁਨੀਲ ਜਾਖੜ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਵੀ ਸਵਾਲ ਉਠਾਏ। ਉਨ੍ਹਾਂ ਨੇ ਲਗਭਗ 52 ਕਰੋੜ ਰੁਪਏ ਦੀ ਲਾਗਤ ਵਾਲੀ ਦੱਸੀ ਜਾ ਰਹੀ ਐਂਟੀ-ਡਰੋਨ ਪ੍ਰਣਾਲੀ, ਜਿਸ ਨੂੰ ‘ਬਾਜ਼ ਅੱਖ’ ਕਿਹਾ ਗਿਆ, ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸਤੇ ਹੀ ਤਾਇਨਾਤ ਕਾਂਸਟੇਬਲ ਤੋਂ 25 ਕਿਲੋ ਹਰੋਇਨ ਫੜੀ ਗਈ। ਕੀ ਉਹ ਆਪਣੇ ਪੱਧਰ ਤੇ ਹੀ ਇਹ ਕੰਮ ਕਰ ਰਿਹਾ ਸੀ ਜਾਂ ਵੱਡੇ ਅਫ਼ਸਰ ਜਾਂ ਕੋਈ ਨੇਤਾ ਵੀ ਉਸ ਵਿਚ ਸ਼ਾਮਿਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਿਸਟਮ 52 ਕਰੋੜ ਨਾਲ ਲਗਾਇਆ ਗਿਆ ਜਦ ਕਿ ਇਸਦੇ ਮੁਲਾਜਮ ਤੋਂ 50 ਕਰੋੜ ਦੀ ਹਰੋਇਨ ਫੜੀ ਗਈ, ਇਹ ਗਣਿਤ ਸਰਕਾਰ ਦੀ ਨੀਅਤ ਅਤੇ ਇਸ ਪਿੱਛੇ ਦੇ ਨੈਟਵਰਕ ਦਾ ਭੇਦ ਉਜਾਗਰ ਕਰਦਾ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਨਸ਼ਾ ਤਸਕਰਾਂ ਦੇ ਘਰ ਢਾਹੁਣ ਲਈ ਵੀ ਅਜੀਬ ਡਰਾਮਾ ਕੀਤਾ ਜਾਂਦਾ ਹੈ, ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਸਾਬਕਾ ਅਧਿਕਾਰੀ ਰਾਜਜੀਤ ਜਾਂ ਜਿਸ ਕਾਂਸਟੇਬਲ ਤੋਂ ਹੁਣ 25 ਕਿਲੋ ਹਰੋਇਨ ਮਿਲੀ ਹੈ, ਸਰਕਾਰ ਨੇ ਉਨ੍ਹਾਂ ਦਾ ਘਰ ਢਾਹੁਣ ਦੀ ਹਿੰਮਤ ਕਿਉਂ ਨਹੀਂ ਕੀਤੀ।

