Advocate Dhami strongly condemns removal of turban from Gursikh farmer leader
ਗੁਰਸਿੱਖ ਕਿਸਾਨ ਆਗੂ ਦੀ ਦਸਤਾਰ ਉਤਾਰੇ ਜਾਣ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿੰਡ ਲਾਲਬਾਈ, ਤਹਿਸੀਲ ਮਲੋਟ, ਜ਼ਿਲ੍ਹਾ ਮੁਕਤਸਰ ਵਿਖੇ ਗੁਰਦੁਆਰਾ ਸਾਹਿਬ ਵਿਚ ਡਿਸਪੈਂਸਰੀ ਦੀ ਉਸਾਰੀ ਨਾਲ ਸਬੰਧਤ ਮਾਮਲੇ ਵਿਚ ਦੋ ਧਿਰਾਂ ਵਿਚਕਾਰ ਰਾਜੀਨਾਮਾ ਕਰਵਾਉਣ ਲਈ ਯਤਨ ਕਰ ਰਹੇ ਅੰਮ੍ਰਿਤਧਾਰੀ ਗੁਰਸਿੱਖ ਕਿਸਾਨ ਆਗੂ ਹਰਭਗਵਾਨ ਸਿੰਘ ਸਿੱਧੂਪੁਰ ਦੀ ਦਸਤਾਰ ਉਤਾਰੇ ਜਾਣ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਘਰ ਅੰਦਰ ਕਿਸੇ ਵੀ ਵਿਅਕਤੀ ਨਾਲ ਹੁਲੜਬਾਜ਼ੀ ਕਰਨਾ ਅਤੇ ਖ਼ਾਸ ਕਰਕੇ ਕਿਸੇ ਅੰਮ੍ਰਿਤਧਾਰੀ ਗੁਰਸਿੱਖ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕਰਨਾ ਬੇਹੱਦ ਨਿੰਦਣਯੋਗ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਪਹਿਚਾਣ ਹੈ, ਜਿਸ ਦਾ ਸਤਿਕਾਰ ਹਰ ਸਿੱਖ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਹਰੇਕ ਲਈ ਸਤਿਕਾਰ, ਸੇਵਾ ਅਤੇ ਭਾਈਚਾਰਕ ਸਾਂਝ ਦਾ ਕੇਂਦਰ ਹੈ। ਇਸ ਲਈ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਅਜਿਹੀ ਹੁਲੜਬਾਜ਼ੀ ਨੂੰ ਕਿਸੇ ਵੀ ਕੀਮਤ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦਸਤਾਰ ਦੀ ਬੇਅਬਦੀ ਕਰਨ ਵਾਲੇ ਵਿਅਕਤੀਆਂ ਖਿਲਾਫ ਪ੍ਰਸ਼ਾਸਨ ਸਖ਼ਤ ਕਾਰਵਾਈ ਯਕੀਨੀ ਬਣਾਵੇ, ਤਾਂ ਜੋ ਕੋਈ ਵੀ ਵਿਅਕਤੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਕਰੇ।

