After counterfeit notes, fake coins have now hit the market! You too should be cautious
ਨੋਟਾਂ ਤੋਂ ਬਾਅਦ ਹੁਣ ਬਾਜ਼ਾਰ ‘ਚ ਆ ਗਏ ਨਕਲੀ ਸਿੱਕੇ ! ਤੁਸੀਂ ਵੀ ਹੋ ਜਾਓ ਸਾਵਧਾਨ
ਸਹਾਰਨਪੁਰ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਨਕਲੀ ਸਿੱਕਿਆਂ ਦੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਇਹ ਨੈੱਟਵਰਕ ਸਹਾਰਨਪੁਰ ਤੋਂ ਬਿਹਾਰ ਤੱਕ ਫੈਲਿਆ ਹੋਇਆ ਸੀ। 20 ਰੁਪਏ ਦੇ ਨਕਲੀ ਸਿੱਕਿਆਂ ਨੂੰ ਇਹ ਗਿਰੋਹ ਬਾਜ਼ਾਰ ‘ਚ ਉਤਾਰ ਕੇ ਲੋਕਾਂ ਨੂੰ ਠੱਗ ਰਿਹਾ ਸੀ। ਕੋਤਵਾਲੀ ਨਗਰ ਪੁਲਸ, ਸਪੈਸ਼ਲ ਆਪਰੇਸ਼ਨ ਗਰੁੱਪ (SOG), SWAT ਅਤੇ ਨਿਗਰਾਨੀ ਏਜੰਸੀਆਂ ਦੀ ਇਕ ਸਾਂਝੀ ਟੀਮ ਨੇ ਜਲਦੀ ਹੀ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ‘ਚੋਂ 20 ਰੁਪਏ ਦੇ 6,400 ਨਕਲੀ ਸਿੱਕੇ, 6 ਮਸ਼ੀਨਾਂ, 5 ਲੋਹੇ ਦੇ ਡੰਡੇ ਅਤੇ ਨਕਲੀ ਸਿੱਕੇ ਬਣਾਉਣ ਲਈ ਵਰਤੇ ਜਾਣ ਵਾਲੇ ਭਾਰੀ ਉਪਕਰਣ ਬਰਾਮਦ ਕੀਤੇ ਗਏ। ਬਰਾਮਦ ਕੀਤੇ ਗਏ ਸਿੱਕਿਆਂ ਦੀ ਕੀਮਤ ਲਗਭਗ 1.28 ਲੱਖ ਹੈ। ਇਸ ਗਿਰੋਹ ਦੇ ਹੁਣ ਤੱਕ 70 ਕਰੋੜ ਰੁਪਏ ਤੋਂ ਵੱਧ ਦੇ ਨਕਲੀ ਸਿੱਕੇ ਬਾਜ਼ਾਰ ‘ਚ ਚਲਾਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਪੁੱਛਗਿੱਛ ‘ਚ ਨੈੱਟਵਰਕ ਦੀ ਸ਼ੁਰੂਆਤ ਦਾ ਖੁਲਾਸਾ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਉਪਕਾਰ ਲੂਥਰਾ ਉਰਫ ਅਭੈ ਪ੍ਰਤਾਪ ਸਿੰਘ, ਮੋਹਾਲੀ (ਪੰਜਾਬ), ਹਿਮਾਂਸ਼ੂ ਉਰਫ ਗੁੱਲੂ ਵਾਸੀ ਸਹਾਰਨਪੁਰ, ਕੁਲਦੀਪ ਵਾਸੀ ਮੁਜ਼ੱਫਰਨਗਰ, ਸੰਤੋਸ਼ ਚੌਰਸੀਆ ਉਰਫ ਜਨਾਰਦਨ ਵਾਸੀ ਮਧੂਬਨੀ (ਬਿਹਾਰ) ਅਤੇ ਅਨੁਰਾਗ ਪਾਲ ਉਰਫ ਲੰਕੇਸ਼ ਵਾਸੀ ਭਦੋਹੀ ਵਜੋਂ ਹੋਈ ਹੈ। ਪੁਲਸ ਪੁੱਛਗਿੱਛ ਤੋਂ ਪਤਾ ਲੱਗਾ ਕਿ ਗਿਰੋਹ ਦੇ ਕੁਝ ਮੈਂਬਰ ਦਿੱਲੀ ਪੁਲਸ ਦੀ ਕਾਰਵਾਈ ‘ਚ ਜੇਲ੍ਹ ਜਾ ਚੁੱਕੇ ਹਨ। ਪੁਲਸ ਦੇ ਅਨੁਸਾਰ, ਜੇਲ੍ਹ ‘ਚ ਹੀ ਦੋਸ਼ੀਆਂ ਦੀ ਇਕ-ਦੂਜੇ ਨਾਲ ਮੁਲਾਕਾਤ ਹੋਈ। ਜੇਲ੍ਹ ‘ਚ ਹੀ ਇਨ੍ਹਾਂ ਲੋਕਾਂ ਨੇ ਮਿਲ ਕੇ ਨਕਲੀ ਸਿੱਕਿਆਂ ਦਾ ਨੈੱਟਵਰਕ ਸਥਾਪਤ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ ਰਿਹਾਅ ਹੁੰਦੇ ਹੀ ਇਸ ਯੋਜਨਾ ਨੂੰ ਅੰਜਾਮ ਦਿੱਤਾ। ਹਰੇਕ ਮੈਂਬਰ ‘ਚ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਸਨ। ਸਿੱਕੇ ਤਿਆਰ ਕਰਨ ਤੋਂ ਲੈ ਕੇ ਮਸ਼ੀਨ ਅਤੇ ਡਾਈ ਦੀ ਵਿਵਸਥਾ, ਫਾਇਨੈਂਸ, ਲਾਜਿਸਟਿਕ ਅਤੇ ਬਾਜ਼ਾਰ ‘ਚ ਸਿੱਕੇ ਚਲਾਉਣ ਦਾ ਕੰਮ ਸੰਭਾਲਣ ਦਾ ਕੰਮ ਵੰਡਿਆ ਸੀ। ਐੱਸਐੱਸਪੀ ਅਭਿਨੰਦਨ ਨੇ ਦੱਸਿਆ ਕਿ ਗਿਰੋਹ ਦਾ ਮੁੱਖ ਸਰਗਨਾ ਉਪਕਾਰ ਲੂਥਰਾ ਹੈ। ਉਹ 2001 ਤੋਂ ਨਕਲੀ ਸਿੱਕਿਆਂ ਦੇ ਕਾਰੋਬਾਰ ‘ਚ ਸ਼ਾਮਲ ਹੈ। ਉਹ ਪਹਿਲਾਂ ਸੁਨਿਆਰੇ ਵਜੋਂ ਕੰਮ ਕਰਦਾ ਸੀ। ਬਾਅਦ ‘ਚ ਉਹ ਨਕਲੀ ਸਿੱਕਿਆਂ ਦੇ ਕਾਰੋਬਾਰ ‘ਚ ਸ਼ਾਮਲ ਹੋ ਗਿਆ। ਗਿਰੋਹ ਕੋਲ ਇਕ ਸੈੱਟਅੱਪ ਸੀ, ਜੋ ਰੋਜ਼ਾਨਾ ਲਗਭਗ 10,000 ਤੋਂ 12,000 ਨਕਲੀ ਸਿੱਕੇ ਬਣਾਉਣ ਦੇ ਸਮਰੱਥ ਸੀ। ਪੁਲਸ ਨੇ ਸਿੱਕੇ ਬਣਾਉਣ ਵਾਲੀਆਂ ਛੇ ਮਸ਼ੀਨਾਂ, ਪੰਜ ਡਾਈ, ਇਕ ਡਾਈ-ਪਾਲਿਸ਼ਿੰਗ ਮਸ਼ੀਨ, ਪੀਸਣ ਵਾਲੇ ਪੱਥਰ, ਹਥੌੜੇ, ਫਾਈਲਾਂ, ਰੈਂਚ, ਸਕ੍ਰਿਊਡ੍ਰਾਈਵਰ, ਪਲੇਅਰ, ਵਰਨੀਅਰ ਕੈਲੀਪਰ, ਇਕ ਇਲੈਕਟ੍ਰਾਨਿਕ ਸਕੇਲ ਅਤੇ ਇਕ ਓਵਨ ਬਰਾਮਦ ਕੀਤਾ ਹੈ। ਪੁਲਸ ਨੇ ਇਸ ਦੇ ਨਾਲ-ਨਾਲ ਅਧੂਰੇ ਸਿੱਕੇ, ਸੱਤ ਅਕਾਊਂਟਿੰਗ ਰਜਿਸਟਰ, ਪੈਡ ਅਤੇ ਚੈੱਕਬੁੱਕ ਵੀ ਬਰਾਮਦ ਕੀਤੇ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਤਿਆਰ ਨਕਲੀ ਸਿੱਕਿਆਂ ਨੂੰ ਸਰਕਾਰੀ ਸ਼ਰਾਬ ਦੇ ਠੇਕਿਆਂ, ਟੋਲ ਟੈਕਸ, ਛੋਟੀਆਂ ਦੁਕਾਨਾਂ ਅਤੇ ਬਾਜ਼ਾਰ ‘ਚ ਚਲਾਉਂਦੇ ਸਨ। ਛੋਟੇ-ਛੋਟੇ ਲੈਣ-ਦੇਣ ‘ਚ ਸਿੱਕਿਆਂ ਨੂੰ ਚਲਾਉਣ ਲਈ ਵੱਖ-ਵੱਖ ਨੈੱਟਵਰਕ ਬਣਾਇਆ ਗਿਆ ਸੀ। ਪੁਲਸ ਹੁਣ ਬਰਾਮਦ ਰਜਿਸਟਰ ਅਤੇ ਮੋਬਾਈਲ ਫੋਨ ਦੀ ਜਾਂਚ ਕਰ ਰਹੀ ਹੈ। ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਗਿਰੋਹ ਸਹਾਰਨਪੁਰ ‘ਚ ਇਕ ਨਵਾਂ ਨਕਲੀ ਸਿੱਕਾ ਨਿਰਮਾਣ ਪਲਾਂਟ ਸਥਾਪਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਸੀ। ਹਾਲਾਂਕਿ, ਪੁਲਸ ਨੇ ਅਜਿਹਾ ਹੋਣ ਤੋਂ ਪਹਿਲਾਂ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੂੰ ਪਤਾ ਲੱਗਾ ਹੈ ਕਿ ਇਹ ਨੈੱਟਵਰਕ ਪੰਜਾਬ, ਸਹਾਰਨਪੁਰ, ਮੁਜ਼ੱਫਰਨਗਰ, ਬਦਾਉਂ, ਭਦੋਹੀ ਅਤੇ ਬਿਹਾਰ ਦੇ ਮਧੂਬਨੀ ਤੱਕ ਫੈਲਿਆ ਹੋਇਆ ਹੈ। ਐੱਸਐੱਸਪੀ ਅਭਿਨੰਦਨ ਨੇ ਕਿਹਾ ਕਿ ਮੁੱਖ ਦੋਸ਼ੀ ਦਾ ਇਕ ਲੰਮਾ ਅਪਰਾਧਿਕ ਇਤਿਹਾਸ ਹੈ। ਦਿੱਲੀ ਪੁਲਸ ਵਲੋਂ ਉਸ ‘ਤੇ ਇਨਾਮ ਐਲਾਨ ਹੋਣ ਦੀ ਜਾਣਕਾਰੀ ਵੀ ਮਿਲੀ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

