After Rajbir Ghumman, the CBI will now question the ‘trio’
ਰਾਜਬੀਰ ਘੁੰਮਣ ਤੋਂ ਬਾਅਦ ਹੁਣ ‘ਤਿੱਕੜੀ’ ਤੋਂ ਪੁੱਛਗਿੱਛ ਕਰੇਗੀ ਸੀ. ਬੀ. ਆਈ.
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸੀ. ਐੱਮ. ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਤੋਂ ਪੁੱਛਗਿੱਛ ਤੋਂ ਬਾਅਦ ਸੀਬੀਆਈ ਵੱਲੋਂ ਹੁਣ ਉਨ੍ਹਾਂ ਦੀ ਨੇੜਲੀ ਤਿੱਕੜੀ ਨੂੰ ਤਲਬ ਕੀਤੇ ਜਾਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਸੀ. ਬੀ. ਆਈ. ਨੇ ਭਲਕੇ ਐਤਵਾਰ ਨੂੰ ਨਿਤਿਨ ਗੋਹਲ, ਜਿਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਸੂਤਰ ਦੱਸਦੇ ਹਨ ਕਿ ਇਹ ਤਿੰਨੋਂ ਜਣੇ ਐਤਵਾਰ ਨੂੰ ਸੀਬੀਆਈ ਅੱਗੇ ਪੇਸ਼ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਪਹਿਲਾਂ ਵੀ ਇਨ੍ਹਾਂ ਨੂੰ ਸੰਮਨ ਜਾਰੀ ਕਰ ਚੁੱਕੀ ਹੈ ਪਰ ਉਹ ਪੇਸ਼ ਨਹੀਂ ਹੋਏ ਸਨ। ਭਲਕੇ ਉਹ ਪਹਿਲੀ ਵਾਰ ਸੀਬੀਆਈ ਅੱਗੇ ਪੇਸ਼ ਹੋਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 5 ਅਕਤੂਬਰ ਨੂੰ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ.ਐੱਸ. ਨਾਗਰਾ ਅਤੇ ਅਣਪਛਾਤੇ ਸਰਕਾਰੀ/ਪ੍ਰਾਈਵੇਟ ਅਧਿਕਾਰੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਉਂਝ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਜਾਂਚ ਮੁਕੰਮਲ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਐੱਫ.ਆਈ.ਆਰ. ’ਚ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ, ਨੀਤੀਗਤ ਫ਼ੈਸਲਿਆਂ ’ਚ ਦਖ਼ਲ, ਟੈਂਡਰਾਂ ਤੇ ਅਸਲਾ ਲਾਇਸੈਂਸਾਂ ਆਦਿ ’ਚ ਕਥਿਤ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲੱਗੇ ਹਨ। ਰਾਜਬੀਰ ਸਿੰਘ ਘੁੰਮਣ ਤੋਂ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਵੱਲੋਂ ਸ਼ੁੱਕਰਵਾਰ ਨੂੰ ਕਰੀਬ ਪੌਣੇ ਛੇ ਘੰਟੇ ਪੁੱਛਗਿੱਛ ਕੀਤੀ ਗਈ। ਰਾਜਬੀਰ ਘੁੰਮਣ ਦੁਪਹਿਰ ਕਰੀਬ 3 ਵਜੇ ਚੰਡੀਗੜ੍ਹ ਦੇ ਸੈਕਟਰ 30 ਸਥਿਤ ਸੀ. ਬੀ. ਆਈ ਦਫ਼ਤਰ ਪਹੁੰਚੇ ਸਨ ਅਤੇ ਲੰਮੀ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ 8:45 ਵਜੇ ਦਫ਼ਤਰ ਤੋਂ ਬਾਹਰ ਆਏ। ਘੁੰਮਣ ਹੁਣ ਮੁੜ ਸੋਮਵਾਰ ਨੂੰ ਸੀ. ਬੀ. ਆਈ ਅੱਗੇ ਪੇਸ਼ ਹੋਣਗੇ। ਪੁੱਛਗਿੱਛ ਮੁਕੰਮਲ ਹੋਣ ਮਗਰੋਂ ਰਾਜਬੀਰ ਘੁੰਮਣ ਨੇ ਮੀਡੀਆ ਨੂੰ ਦੱਸਿਆ ਕਿ ਸੀ. ਬੀ. ਆਈ ਵੱਲੋਂ 40 ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਤਸੱਲੀਬਖ਼ਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਚਾਲ ਹੈ ਕਿਉਂਕਿ ‘ਆਪ’ ਸਰਕਾਰ ਦੁਬਾਰਾ ਸੱਤਾ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਕਲੀਨ ਚਿੱਟ ਲੈ ਕੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜਿੰਨੀ ਵਾਰ ਵੀ ਜਾਂਚ ਏਜੰਸੀ ਬੁਲਾਏਗੀ, ਉਹ ਪੇਸ਼ ਹੋਣਗੇ।

