“No Need for Letters to Promote Akal Takht Decisions, Says Jasbir Singh Ghuman”
ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਕਾਰਵਾਈਆਂ ਦੇ ਪ੍ਰਚਾਰ ਲਈ ਚਿੱਠੀਆਂ ਦੀ ਲੋੜ ਨਹੀਂ: ਜਸਬੀਰ ਸਿੰਘ ਘੁੰਮਣ

ਚੰਡੀਗੜ੍ਹ, 25 ਜੂਨ: ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਨਰਲ ਸਕੱਤਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਾਥੀ ਰਹੇ ਸਾਬਕਾ ਫੈਡਰੇਸ਼ਨ ਆਗੂ ਸ. ਜਸਬੀਰ ਸਿੰਘ ਘੁੰਮਣ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਮੀਡੀਆ ਕਵਰੇਜ ਲਈ ਮੀਡੀਆ ਅਦਾਰਿਆਂ ਨੂੰ ਚਿੱਠੀਆਂ ਭੇਜਣ ਦੇ ਮਾਮਲੇ ’ਤੇ ਤਿੱਖਾ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਿੱਖ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸਰਬ ਪ੍ਰਵਾਨਤ ਕਾਰਵਾਈਆਂ ਦਾ ਪ੍ਰਚਾਰ ਆਪਣੇ ਆਪ ਹੁੰਦਾ ਹੈ, ਉਨ੍ਹਾਂ ਲਈ ਨਾ ਤਾਂ ਇਸ਼ਤਿਹਾਰਾਂ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਮੀਡੀਆ ਨੂੰ ਵਿਸ਼ੇਸ਼ ਬੇਨਤੀਆਂ ਕਰਨ ਦੀ। ਇੱਕ ਲਿਖਤੀ ਬਿਆਨ ਵਿੱਚ ਸ. ਘੁੰਮਣ ਨੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੋ ਕੁਝ ਵਾਪਰਿਆ, ਉਸ ਨੂੰ ਪੱਤਰਕਾਰਾਂ ਤੋਂ ਲੈ ਕੇ ਆਮ ਸੰਗਤਾਂ ਤੱਕ ਹਰ ਕਿਸੇ ਨੇ ਆਪਣੇ ਆਪ ਰਿਕਾਰਡ ਕੀਤਾ ਅਤੇ ਪੂਰੀ ਦੁਨੀਆ ਤੱਕ ਪਹੁੰਚਾਇਆ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਉਸ ਪ੍ਰਤੀ ਸਿੱਖ ਕੌਮ ਦੇ ਅਟੁੱਟ ਵਿਸ਼ਵਾਸ ਦਾ ਸਬੂਤ ਸੀ। ਉਨ੍ਹਾਂ ਐੱਸ.ਜੀ.ਪੀ.ਸੀ. ਨੂੰ ਯਾਦ ਕਰਵਾਇਆ ਕਿ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮਾਫ਼ੀਨਾਮੇ ਦੇ ਪ੍ਰਚਾਰ ਉੱਤੇ ਖਰਚੇ ਗਏ 92 ਲੱਖ ਰੁਪਏ ਸੰਗਤਾਂ ਦੇ ਦਬਾਅ ਕਾਰਨ ਵਿਆਜ ਸਮੇਤ ਵਾਪਸ ਕਰਨੇ ਪਏ ਸਨ। ਉਨ੍ਹਾਂ ਚਿਤਾਵਨੀ ਦਿੱਤੀ ਕਿ 15 ਜੂਨ ਦੇ ਹੁਕਮਨਾਮੇ ਦੇ ਪ੍ਰਚਾਰ ਲਈ ਖਰਚਿਆ ਜਾ ਰਿਹਾ ਧਨ ਵੀ ਕੱਲ੍ਹ ਨੂੰ ਜਵਾਬਦੇਹੀ ਦਾ ਵਿਸ਼ਾ ਬਣ ਸਕਦਾ ਹੈ, ਕਿਉਂਕਿ ਇਸ ਹੁਕਮਨਾਮੇ ਨੂੰ ਲੈ ਕੇ ਅਜੇ ਤੱਕ ਆਮ ਸਿੱਖ ਜਨਤਾ ਵਿੱਚ ਕੋਈ ਖਾਸ ਉਤਸ਼ਾਹ ਜਾਂ ਪ੍ਰਤੀਕਿਰਿਆ ਨਜ਼ਰ ਨਹੀਂ ਆ ਰਹੀ। ਸ. ਘੁੰਮਣ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਫੁਰਤੀ ਅਤੇ ਸਰਗਰਮੀ ਅੱਜ ਐੱਸ.ਜੀ.ਪੀ.ਸੀ. 15 ਜੂਨ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਵਿਖਾ ਰਹੀ ਹੈ, ਜੇ ਉਸ ਦਾ ਦਸਵਾਂ ਹਿੱਸਾ ਵੀ 2 ਦਸੰਬਰ 2024 ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਵਿਖਾਇਆ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਪਹਿਲਾਂ ਹੁਕਮ ਮੰਨ ਕੇ ਬਾਅਦ ਵਿੱਚ ਮੁਕਰਨ ਦੀ ਜੁਰਅਤ ਕਦੇ ਨਾ ਕਰਦਾ। ਉਨ੍ਹਾਂ ਕਿਹਾ ਕਿ ਅੱਜ ਧਰਮ ਯੁੱਧ ਮੋਰਚੇ ਦੀਆਂ ਗੱਲਾਂ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਵਾਲੇ ਆਦੇਸ਼ਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਹੁੰਦਾ ਤਾਂ ਅੱਜ ਕਿਸੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਅਤੇ ਆਦੇਸ਼ਾਂ ਨੂੰ ਚੁਣੌਤੀ ਦੇਣ ਜਾਂ ਉਨ੍ਹਾਂ ਤੋਂ ਬਾਗ਼ੀ ਹੋਣ ਦੀ ਹਿੰਮਤ ਨਾ ਪੈਂਦੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਤੇ ਪ੍ਰਭਾਵ ਨੂੰ ਕਾਇਮ ਰੱਖਣ ਲਈ ਚੁਣਿੰਦਾ ਹੁਕਮਨਾਮਿਆਂ ’ਤੇ ਨਹੀਂ, ਸਗੋਂ ਹਰ ਫ਼ੈਸਲੇ ਅਤੇ ਹਰ ਆਦੇਸ਼ ’ਤੇ ਇਕਸਾਰ ਅਤੇ ਇਮਾਨਦਾਰ ਅਮਲ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਹ ਬਿਆਨ ਮੀਡੀਆ ਇੰਚਾਰਜ ਸ. ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
