Akali Dal Leadership Present as Joint Panthic Candidate Bhai Mandeep Singh Files Nomination Papers

ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਨਾਮਜਦਗੀ ਕਾਗਜ ਦਾਖਲ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਰਹੀ ਹਾਜ਼ਰ

ਚੰਡੀਗੜ () ਤਰਨਤਾਰਨ ਜ਼ਿਮਨੀ ਚੋਣ ਲਈ ਅੱਜ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ (ਭਰਾ ਭਾਈ ਸੰਦੀਪ ਸਿੰਘ) ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ। ਇਸ ਮੌਕੇ ਸਮੁੱਚੀਆਂ ਪੰਥਕ ਧਿਰਾਂ ਦੇ ਵੱਡੇ ਇਕੱਠ ਅਤੇ ਸਮਰਥਨ ਵਿਚਕਾਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੋਂ ਐਸਡੀਐਮ ਦਫਤਰ ਤੱਕ ਪੰਥਕ ਜਜ਼ਬਾ ਵੇਖਣ ਨੂੰ ਮਿਲਿਆ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ, ਜਥੇਦਾਰ ਸੰਤਾ ਸਿੰਘ ਉਮੈਦਪੁਰ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਜਸਬੀਰ ਸਿੰਘ ਘੁੰਮਣ, ਜਥੇਦਾਰ ਰਘੁਬੀਰ ਸਿੰਘ ਰਾਜਾਸਾਸੀ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਸ. ਅਮਰਿੰਦਰ ਸਿੰਘ ਲਿਬੜਾ ਮੌਜੂਦ ਰਹੇ।

ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ, ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਛੇ ਸੀਨੀਅਰ ਆਗੂਆਂ ਨੂੰ ਬਤੌਰ ਆਬਜ਼ਰਵਰ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਲਗਾਇਆ ਗਿਆ ਸੀ। ਹਲਕਾ ਤਰਨਤਾਰਨ ਦੇ ਸਮੂਹ ਵਰਕਰ ਅਤੇ ਸਥਾਨਕ ਲੀਡਰਸ਼ਿਪ ਦੀ ਭਾਵਨਾ ਸੀ ਕਿ ਪੰਥ ਲਈ ਵੱਡੀ ਕੁਰਬਾਨੀ ਕਰਨ ਵਾਲੇ (ਭਾਈ ਸੰਦੀਪ ਸਿੰਘ) ਦੇ ਭਰਾ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ। ਓਹਨਾਂ ਕਿਹਾ ਕਿ ਪੰਥ ਦੀ ਭਾਵਨਾ ਤੇ ਪਹਿਰਾ ਦਿੰਦੇ ਹੋਏ ਅੱਜ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਮਜਦਗੀ ਦਾਖਲ ਸਮੇਂ ਹਾਜ਼ਰ ਰਹੀ। ਜੱਥੇਦਾਰ ਵਡਾਲਾ ਨੇ ਕਿਹਾ ਕਿ ਪੰਥ ਦੀ ਇਕਜੁਟਤਾ ਲਈ ਹੋਈ ਹਰ ਪਹਿਲਕਦਮੀ ਲਈ ਪਾਰਟੀ ਖੁੱਲ੍ਹੇ ਮਨ ਨਾਲ ਵਿਚਾਰ ਕਰਦੀ ਹੈ। ਪੰਥ ਦੀ ਸਾਂਝੀ ਅਵਾਜ਼ ਨੇ ਭਾਈ ਮਨਦੀਪ ਸਿੰਘ ਨੂੰ ਤਰਨਤਾਰਨ ਤੋਂ ਉਮਦੀਵਾਰ ਬਣਾਇਆ ਹੈ, ਇਸ ਲਈ ਪੰਥ ਦੀ ਅਵਾਜ ਅਤੇ ਪਹਿਲਕਦਮੀ ਤੇ ਪੂਰਾ ਪਹਿਰਾ ਦਿੱਤਾ ਜਾਵੇਗਾ।

ਜੱਥੇਦਾਰ ਵਡਾਲਾ ਨੇ ਕਿਹਾ ਕਿ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਰ ਬੂਥ ਉੱਪਰ ਡਟ ਕੇ ਭਾਈ ਮਨਦੀਪ ਸਿੰਘ ਲਈ ਚੋਣ ਪ੍ਰਚਾਰ ਵਿੱਚ ਜੁਟਣਗੇ। ਓਹਨਾ ਕਿਹਾ ਕਿ ਸਮੁੱਚੀ ਲੀਡਰਸ਼ਿਪ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਉਤਰੇਗੀ। ਇਸ ਦੇ ਨਾਲ ਹੀ ਜੱਥੇਦਾਰ ਵਡਾਲਾ ਨੇ ਸਮੁੱਚੇ ਪੰਥ ਹਿਤੈਸ਼ੀਆਂ ਅਤੇ ਹਲਕਾ ਤਰਨਤਾਰਨ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ, ਭਾਈ ਸੰਦੀਪ ਸਿੰਘ ਸਨੀ ਦੀ ਵੱਡੀ ਕੁਰਬਾਨੀ ਦਾ ਮੁੱਲ ਮੋੜਦੇ ਹੋਏ ਇਸ ਜਿੱਤ ਨੂੰ ਨਾ ਸਿਰਫ ਯਕੀਨੀ ਬਣਾਉਣ ਸਗੋ ਪੰਥ ਦੀ ਮਜ਼ਬੂਤੀ ਨੂੰ ਪੁਖ਼ਤਾ ਕਰਨ।