ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਰਾਜਨੀਤਿਕ ਮਾਮਲਿਆਂ ਬਾਰੇ PAC ਕਮੇਟੀ ਦਾ ਗਠਨ

23 ਜਨਵਰੀ 2026, ਅੰਮ੍ਰਿਤਸਰ – ਅਕਾਲੀ ਦਲ ਵਾਰਿਸ ਪੰਜਾਬ ਨੇ ਅੱਜ ਪਾਰਟੀ ਦੀ ਸਿਆਸੀ ਦਿਸ਼ਾ, ਨੀਤੀਆਂ ਅਤੇ ਮਹੱਤਵਪੂਰਨ ਰਾਜਨੀਤਿਕ ਮਾਮਲਿਆਂ ‘ਤੇ ਵਿਚਾਰ-ਵਟਾਂਦਰੇ, ਸਮੀਖਿਆ ਅਤੇ ਫੈਸਲੇ ਲੈਣ ਲਈ ਰਾਜਨੀਤਿਕ ਮਾਮਲਿਆਂ ਬਾਰੇ PAC (Political Affairs Committee) ਕਮੇਟੀ ਦਾ ਗਠਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਹ ਕਮੇਟੀ ਮੌਜੂਦਾ ਸਿਆਸੀ ਹਾਲਾਤਾਂ, ਲੋਕਾਂ ਨਾਲ ਜੁੜੇ ਮੁੱਦਿਆਂ, ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਅਹਿਮ ਸੁਝਾਅ ਦੇਵੇਗੀ।
PAC ਕਮੇਟੀ ਸਮੇਂ-ਸਮੇਂ ‘ਤੇ ਰਾਜਨੀਤਿਕ ਸਥਿਤੀ ਦੀ ਸਮੀਖਿਆ ਕਰੇਗੀ ਅਤੇ ਆਪਣੇ ਸੁਝਾਅ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਗੇ ਪੇਸ਼ ਕਰੇਗੀ ਤਾਂ ਜੋ ਫੈਸਲੇ ਇਕਸਾਰ, ਮਜ਼ਬੂਤ ਅਤੇ ਲੋਕ-ਹਿੱਤ ਵਿੱਚ ਹੋਣ। ਕਿਸੇ ਵੀ ਅਹਿਮ ਰਾਜਨੀਤਿਕ ਮਸਲੇ ‘ਤੇ ਪਾਰਟੀ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਵਿੱਚ ਵੀ ਇਹ ਕਮੇਟੀ ਅਹਿਮ ਭੂਮਿਕਾ ਨਿਭਾਏਗੀ। ਪਾਰਟੀ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਲੋਕ-ਹਿੱਤੀ, ਇਨਸਾਫ਼ਪਸੰਦ ਅਤੇ ਜਵਾਬਦੇਹ ਰਾਜਨੀਤੀ ‘ਤੇ ਪੂਰਾ ਵਿਸ਼ਵਾਸ ਰੱਖਦਾ ਹੈ ਅਤੇ PAC ਕਮੇਟੀ ਦਾ ਗਠਨ ਇਸੇ ਸੋਚ ਦਾ ਪ੍ਰਗਟਾਵਾ ਹੈ। ਸੁਚੱਜੀ ਸਿਆਸੀ ਯੋਜਨਾ ਅਤੇ ਸਾਂਝੇ ਫੈਸਲਿਆਂ ਨਾਲ ਹੀ ਸੰਘਰਸ਼ ਨੂੰ ਮਜ਼ਬੂਤੀ ਮਿਲਦੀ ਹੈ।






PAC ਕਮੇਟੀ ਵਿੱਚ ਨਿਯੁਕਤ ਮੈਂਬਰਾਂ ਵਿੱਚ ਸ. ਬਾਬੂ ਸਿੰਘ ਬਰਾੜ, ਸ. ਲੱਖਾ ਸਿੰਘ ਸਿਧਾਣਾ, ਸ. ਜਸਕਰਨ ਸਿੰਘ ਕਾਹਨਸਿੰਘ ਵਾਲਾ, ਸ. ਪਰਮਜੀਤ ਸਿੰਘ ਜੌਹਲ, ਸ. ਦਲੇਰ ਸਿੰਘ ਡੋਡ, ਐਡ. ਹਰਜੋਤ ਸਿੰਘ ਮਾਨ ਅਤੇ ਸ. ਪ੍ਰਗਟ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਪਾਰਟੀ ਪ੍ਰਤੀ ਵਚਨਬੱਧਤਾ, ਤਜ਼ਰਬੇ ਅਤੇ ਸਿਆਸੀ ਸਮਝ ਨੂੰ ਮੱਦੇ-ਨਜ਼ਰ ਰੱਖ ਕੇ ਚੁਣਿਆ ਗਿਆ ਹੈ। ਪਾਰਟੀ ਨੇ ਆਸ ਜਤਾਈ ਕਿ ਇਹ ਕਮੇਟੀ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾਏਗੀ ਅਤੇ ਪਾਰਟੀ ਦੀ ਰਾਜਨੀਤਿਕ ਲੜਾਈ ਨੂੰ ਹੋਰ ਮਜ਼ਬੂਤ ਬਣਾਏਗੀ। ਇਹ ਕਦਮ ਪਾਰਟੀ ਨੂੰ ਵਧੇਰੇ ਸੰਗਠਿਤ ਅਤੇ ਰਣਨੀਤਕ ਬਣਾਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

