ਅਕਾਲੀ ਦਲ ਵਾਰਿਸ ਪੰਜਾਬ ਦੀ ਮੰਗ: ਐਸ.ਪੀ. ਹਰਪਾਲ ਸਿੰਘ ਨੂੰ ਸਸਪੈਂਡ ਕੀਤਾ ਜਾਵੇ, ਪਰਿਵਾਰ ਨਾਲ ਦੁਰਵਿਵਹਾਰ ’ਤੇ ਰੋਸ

ਅੰਮ੍ਰਿਤਸਰ, 2 ਅਗਸਤ 2025 (ਸ਼ਾਮ 6:12 PM IST): ਅਕਾਲੀ ਦਲ ਵਾਰਿਸ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਆਗੂਆਂ ਨੇ ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ’ਚ ਇਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਦੇ ਐਸ.ਪੀ. ਹਰਪਾਲ ਸਿੰਘ ’ਤੇ ਗੰਭੀਰ ਆਰੋਪ ਲਗਾਏ। ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਸਮੇਤ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਐਡਵੋਕੇਟ ਕਰਮਵੀਰ ਸਿੰਘ ਪੰਨੂੰ ਤੇ ਹੋਰ ਆਗੂ ਹਾਜ਼ਰ ਸਨ।
ਬਾਪੂ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਬੰਦੀ ਸਿੰਘਾਂ ਦੀ ਅੰਮ੍ਰਿਤਸਰ ਕੋਰਟ ’ਚ ਪੇਸ਼ੀ ਦੌਰਾਨ ਉਹਨਾਂ ਦਾ ਪਰਿਵਾਰ ਮਿਲਣ ਗਿਆ ਸੀ। ਇਸ ਦੌਰਾਨ ਸੁਰੱਖਿਆ ਲਈ ਮੌਜੂਦ ਐਸ.ਪੀ. ਹਰਪਾਲ ਸਿੰਘ ਨੇ ਗੁੱਸੇ ’ਚ ਪੁਲਿਸ ਬਲ ਦੀ ਵਰਤੋਂ ਕਰਦਿਆਂ ਘਟੀਆ ਰਵੱਈਆ ਅਪਣਾਇਆ। ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨਾਲ ਬਦਸਲੂਕੀ ਕੀਤੀ, ਅਸਭਿਆਕਾਰ ਸ਼ਬਦ ਵਰਤੇ ਅਤੇ ਕਿਹਾ, “ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਈ, ਪੈਸਾ ਇਕੱਠਾ ਕਰ ਲਿਆ, ਹੁਣ ਬੱਸ ਕਰੋ।” ਇਸ ਦੌਰਾਨ ਸਿੱਖ ਔਰਤਾਂ ਨਾਲ ਧੱਕਾ-ਮੁੱਕੀ, ਖਿੱਚ-ਧੂਹ ਕੀਤੀ ਗਈ, ਚੁੰਨੀਆਂ ਉਤਾਰੀਆਂ ਗਈਆਂ ਅਤੇ ਕਈਆਂ ਨੂੰ ਸੱਟਾਂ ਲੱਗੀਆਂ।
ਬਾਪੂ ਤਰਸੇਮ ਸਿੰਘ ਨੇ ਇਸ ਨੂੰ ਗੈਰ-ਸਮਾਜਿਕ ਅਤੇ ਗੈਰ-ਸੰਵਿਧਾਨਿਕ ਦੱਸਦਿਆਂ ਐਸ.ਪੀ. ਹਰਪਾਲ ਸਿੰਘ ’ਤੇ ਸਸਪੈਂਡ ਅਤੇ ਬਦਲੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਅਫਸਰ ਪੁਲਿਸ ਡਿਪਾਰਟਮੈਂਟ ਅਤੇ ਸਿੱਖੀ ’ਤੇ ਕਾਲਾ ਧੱਬਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਪੁਲਿਸ ’ਤੇ ਭਾਈ ਅੰਮ੍ਰਿਤਪਾਲ ਸਿੰਘ ’ਤੇ ਝੂਠੇ ਨਸ਼ਾ ਦੇ ਆਰੋਪ ਲਗਾਉਣ ਦਾ ਵੀ ਖੰਡਨ ਕੀਤਾ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਨੇ ਕਰ ਦਿੱਤੀ।