ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਖਾਲਸਾਈ ਜਾਹੋ-ਜਲਾਲ ਨਾਲ ਖਾਲਸਾ ਵਹੀਰ ਦੀ ਆਰੰਭਤਾ

25 ਫ਼ਰਵਰੀ 2026, ਅੰਮ੍ਰਿਤਸਰ – ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਖਾਲਸਾਈ ਜਾਹੋ-ਜਲਾਲ ਨਾਲ ਖਾਲਸਾ ਵਹੀਰ ਦੀ ਸ਼ੁਰੂਆਤ ਹੋਈ। ਵਹੀਰ ਵਿੱਚ ਨਗਾਰਾ ਅੱਗੇ, ਫਿਰ ਪੰਜ ਪਿਆਰੇ ਸਾਹਿਬਾਨ, ਉਸ ਤੋਂ ਬਾਅਦ ਪਾਲਕੀ ਸਾਹਿਬ ਅਤੇ ਸੈਕੜਿਆਂ ਗਿਣਤੀ ਵਿੱਚ ਲੰਮੇ ਕਾਰਾਂ ਦਾ ਕਾਫਲਾ ਸੀ। ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਗੋਲਡਨ ਗੇਟ ਤੱਕ ਪੂਰਾ ਰਸਤਾ “ਬੋਲੇ ਸੋ ਨਿਹਾਲ” ਅਤੇ “ਰਾਜ ਕਰੇਗਾ ਖਾਲਸਾ” ਦੇ ਜੈਕਾਰਿਆਂ ਨਾਲ ਗੂੰਜ ਉਠਿਆ ਅਤੇ ਖਾਲਸਾਈ ਰੰਗ ਵਿੱਚ ਰੰਗਿਆ ਗਿਆ।
ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਹੀ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ, ਬੇਰੁਜ਼ਗਾਰੀ ਅਤੇ ਪਰਵਾਸ ਦੇ ਹਮਲਿਆਂ ਦਾ ਸ਼ਿਕਾਰ ਬਣ ਰਹੀ ਹੈ। ਇਸ ਹਾਲਾਤ ਵਿੱਚ ਖਾਲਸਾ ਵਹੀਰ ਦਾ ਮਕਸਦ ਨੌਜਵਾਨਾਂ ਨੂੰ ਗੁਰਬਾਣੀ, ਗੁਰਮਤਿ ਅਤੇ ਖਾਲਸਾਈ ਜੀਵਨ ਸ਼ੈਲੀ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਰਾਜਨੀਤਕ ਚਾਲਾਂ ਜਾਂ ਖਾਲੀ ਵਾਅਦਿਆਂ ਦੀ ਨਹੀਂ, ਸਗੋਂ ਗੁਰੂ ਦੀ ਰਹਿਣੀ-ਬਹਿਣੀ ਅਤੇ ਅਮਲ ਦੀ ਲੋੜ ਹੈ। ਜੇ ਨੌਜਵਾਨ ਗੁਰੂ ਦੇ ਸਿਧਾਂਤਾਂ ਨੂੰ ਅਪਨਾਉਣਗੇ ਤਾਂ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਆਪਣੇ ਆਪ ਹੋ ਜਾਵੇਗਾ।
ਖਾਲਸਾ ਵਹੀਰ ਦੌਰਾਨ ਪੰਜਾਬ ਦੇ ਪਾਣੀਆਂ ਦੀ ਲੁੱਟ, ਧਾਰਮਿਕ ਅਸਥਾਨਾਂ ਦੀ ਅਜ਼ਾਦੀ, ਕਿਸਾਨੀ ਸੰਕਟ ਅਤੇ ਨੌਜਵਾਨੀ ਦੇ ਭਵਿੱਖ ਵਰਗੇ ਮੁੱਦਿਆਂ ‘ਤੇ ਵੱਡੇ ਟਰਾਲੇ ਅਤੇ ਟਰਾਲੀਆਂ ਤੇ ਹੋਲਿਡਿੰਗਾਂ ਲਗਾ ਕੇ ਪ੍ਰਦਰਸ਼ਨੀ ਕੀਤੀ ਗਈ। ਪਾਰਟੀ ਆਗੂਆਂ ਨੇ ਕਿਹਾ ਕਿ ਇਹ ਵਹੀਰ ਕੇਵਲ ਇੱਕ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਦੀ ਆਤਮਕ ਅਤੇ ਸਮਾਜਿਕ ਪੁਨਰਜਾਗਰਤੀ ਦੀ ਸ਼ੁਰੂਆਤ ਹੈ। ਅਖੀਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਖਾਲਸਾ ਵਹੀਰ ਨਾਲ ਜੁੜ ਕੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਨੌਜਵਾਨੀ ਦੇ ਭਵਿੱਖ ਲਈ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਪਰਿਵਾਰ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਮਾਤਾ ਬਲਵਿੰਦਰ ਕੌਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।

