‘An adult woman cannot be forced to marry..!’ High Court gives important decision
‘ਬਾਲਗ ਔਰਤ ਨੂੰ ਪੇਕੇ ਜਾਣ ਲਈ ਨਹੀਂ ਕਰ ਸਕਦੇ ਮਜਬੂਰ..!’ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਮੁੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਇਕ ਬਾਲਗ ਔਰਤ ਇਹ ਤੈਅ ਕਰਨ ਲਈ ਕਾਨੂੰਨੀ ਤੌਰ ’ਤੇ ਸਮਰੱਥ ਹੈ ਕਿ ਉਹ ਕਿੱਥੇ ਰਹਿਣਾ ਚਾਹੁੰਦੀ ਹੈ ਅਤੇ ਕੋਈ ਵੀ ਸਰਕਾਰੀ ਅਧਿਕਾਰੀ ਉਸ ਨੂੰ ਉਸ ਦੇ ਮਾਤਾ-ਪਿਤਾ ਦੇ ਘਰ ਪਰਤਣ ਲਈ ਮਜਬੂਰ ਨਹੀਂ ਕਰ ਸਕਦਾ। ਅਦਾਲਤ ਨੇ ਤੇਲੰਗਾਨਾ ਪੁਲਸ ਨੂੰ ਹੁਕਮ ਦਿੱਤਾ ਕਿ ਉਹ 21 ਸਾਲਾ ਔਰਤ ਖ਼ਿਲਾਫ ਕੋਈ ਵੀ ਕਾਰਵਾਈ ਨਾ ਕਰੇ। ਕਾਰਜਕਾਰੀ ਚੀਫ਼ ਜਸਟਿਸ ਰਵਿੰਦਰ ਘੁਗੇ ਅਤੇ ਜਸਟਿਸ ਗੌਤਮ ਅੰਖਾਡ ਦੀ ਬੈਂਚ ਨੇ ਆਪਣੇ ਹੁਕਮ ਵਿਚ ਕਿਹਾ ਕਿ ਔਰਤ ਨੇ ਹੈਦਰਾਬਾਦ ਵਿਚ ਆਪਣੇ ਮਾਤਾ-ਪਿਤਾ ਦਾ ਘਰ ਆਪਣੀ ਮਰਜ਼ੀ ਨਾਲ ਛੱਡਿਆ ਸੀ। ਅਦਾਲਤ ਨੇ ਕਿਹਾ ਕਿ ਉਹ ਬਾਲਗ ਹੈ ਅਤੇ ਕਾਨੂੰਨੀ ਤੌਰ ’ਤੇ ਇਹ ਤੈਅ ਕਰਨ ਦੇ ਯੋਗ ਹੈ ਕਿ ਉਹ ਕਿੱਥੇ ਰਹਿਣਾ ਚਾਹੁੰਦੀ ਹੈ, ਕੀ ਵਿਆਹ ਕਰਨਾ ਚਾਹੁੰਦੀ ਹੈ ਅਤੇ ਕੀ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੀ ਹੈ। ਅਦਾਲਤ ਨੇ ਕਿਹਾ ਕਿ ਇਹ ਨਿੱਜੀ ਪਸੰਦ ਦੇ ਮਾਮਲੇ ਹਨ ਅਤੇ ਭਾਰਤੀ ਸੰਵਿਧਾਨ ਦੀ ਧਾਰਾ 21 ਦੇ ਤਹਿਤ ਮਿਲੇ ਅਧਿਕਾਰਾਂ ਦਾ ਹਿੱਸਾ ਹਨ। ਨਾ ਤਾਂ ਉਸ ਦੇ ਮਾਤਾ-ਪਿਤਾ ਅਤੇ ਨਾ ਹੀ ਸੂਬੇ ਉਸ ਨੂੰ ਉਸ ਦੀ ਇੱਛਾ ਦੇ ਵਿਰੁੱਧ ਆਪਣੇ ਮਾਤਾ-ਪਿਤਾ ਦੇ ਘਰ ਪਰਤਣ ਲਈ ਮਜਬੂਰ ਕਰ ਸਕਦੇ ਹਨ। ਜੱਜਾਂ ਨੇ ਕਿਹਾ ਕਿ ਪੁਲਸ ਔਰਤ ਨੂੰ ਲਾਪਤਾ ਨਹੀਂ ਮੰਨ ਸਕਦੀ ਸੀ ਅਤੇ ਨਾ ਹੀ ਉਸ ਨੂੰ ਉਸ ਦੇ ਮਾਤਾ-ਪਿਤਾ ਦੇ ਘਰ ਪਰਤਣ ਲਈ ਮਜਬੂਰ ਕਰਨ ਵਾਲੇ ਕਦਮ ਚੁੱਕ ਸਕਦੀ ਸੀ। ਸੀਨੀਅਰ ਐਡਵੋਕੇਟ ਮਿਹਿਰ ਦੇਸਾਈ ਰਾਹੀਂ ਦਾਇਰ ਔਰਤ ਦੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੇ ਜੂਨ 2026 ਵਿਚ ਆਪਣੇ ਗੋਦ ਲੈਣ ਵਾਲੇ ਮਾਤਾ-ਪਿਤਾ ਦਾ ਘਰ ਛੱਡ ਦਿੱਤਾ ਸੀ, ਕਿਉਂਕਿ ਉਹ ਆਪਣੇ ਨਾਲੋਂ 10 ਸਾਲ ਵੱਡੇ ਰਿਸ਼ਤੇ ਦੇ ਭਰਾ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ।

