An electric pole fell on a moving Grand Vitara, a family was sitting inside.
ਚੱਲਦੀ ਗ੍ਰੈਂਡ ਵਿਟਾਰਾ ‘ਤੇ ਜੜ੍ਹੋਂ ਉੱਖੜ ਕੇ ਡਿੱਗਿਆ ਬਿਜਲੀ ਦਾ ਖੰਭਾ, ਵਿੱਚ ਬੈਠਾ ਸੀ ਪਰਿਵਾਰ
ਜ਼ੀਰਕਪੁਰ (ਆਵਾਜ਼ਿ ਕੌਮ ਬਿਊਰੋ)-ਜ਼ੀਰਕਪੁਰ ਦੀ ਹਾਈ ਗਰਾਊਂਡ ਸੜਕ ’ਤੇ ਸੋਮਵਾਰ ਰਾਤ ਕਰੀਬ 10 ਵਜੇ ਵੱਡਾ ਹਾਦਸਾ ਟਲ ਗਿਆ। ਗੋਪਾਲ ਸਵੀਟ ਨੇੜੇ ਚੱਲਦੀ ਗ੍ਰੈਂਡ ਵਿਟਾਰਾ ਕਾਰ ’ਤੇ ਅਚਾਨਕ ਬਿਜਲੀ ਦਾ ਖੰਭਾ ਡਿੱਗ ਪਿਆ। ਕਾਰ ’ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਸਵਾਰ ਸਨ, ਜੋ ਖੁਸ਼ਕਿਸਮਤੀ ਨਾਲ ਵਾਲ-ਵਾਲ ਬਚ ਗਏ। ਕਾਰ ਸਵਾਰ ਰਵੀ ਕੁਮਾਰ ਮੁਤਾਬਕ ਸੜਕ ’ਤੇ ਢਿੱਲੀ ਪਈ ਬਿਜਲੀ ਦੀ ਤਾਰ ਇਕ ਲੰਘ ਰਹੇ ਟਰੱਕ ਨਾਲ ਖਿੱਚੀ ਗਈ, ਜਿਸ ਕਾਰਨ ਤਾਰ ਨਾਲ ਜੁੜਿਆ ਖੰਭਾ ਜੜ੍ਹੋਂ ਉੱਖੜ ਕੇ ਕਾਰ ’ਤੇ ਆ ਡਿੱਗਿਆ। ਹਾਦਸੇ ’ਚ ਕਾਰ ਨੂੰ ਭਾਰੀ ਨੁਕਸਾਨ ਹੋਇਆ। ਖੰਭਾ ਡਿੱਗਣ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ। ਇਸ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰ ਅਤੇ ਇਲਾਕਾ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਇਸ ਸੀਨ ਨੂੰ ਅੱਖੀਂ ਦੇਖਣ ਵਾਲਿਆਂ ਦੇ ਦਿਲ ਬੁਰੀ ਤਰ੍ਹਾਂ ਕੰਬ ਗਏ। ਲੋਕਾਂ ਨੇ ਕਾਰ ’ਚ ਸਵਾਰ ਪਰਿਵਾਰ ਦੀ ਮਦਦ ਕੀਤੀ ਅਤੇ ਘਟਨਾ ਸਬੰਧੀ ਪੁਲਸ ਤੇ ਸਬੰਧਿਤ ਵਿਭਾਗ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਐੱਸ. ਐੱਸ. ਐੱਫ., ਪੁਲਸ ਅਤੇ ਪਾਵਰਕਾਮ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਬਿਜਲੀ ਦੀਆਂ ਤਾਰਾਂ ਨੂੰ ਸੁਰੱਖਿਅਤ ਕਰਨ ਅਤੇ ਡਿੱਗੇ ਖੰਭੇ ਨੂੰ ਹਟਾਉਣ ਦਾ ਕੰਮ ਕੀਤਾ ਗਿਆ। ਮੌਕੇ ’ਤੇ ਲੋਕਾਂ ਨੇ ਖੰਭੇ ਦੀ ਮਜ਼ਬੂਤੀ ਤੇ ਉਸ ਨੂੰ ਜ਼ਮੀਨ ’ਚ ਗੱਡਣ ਦੇ ਢੰਗ ’ਤੇ ਵੀ ਸਵਾਲ ਖੜ੍ਹੇ ਕੀਤੇ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

