Punjab: Ban on these medicines, notification issued by the Central Government, instructions given to chemists
ਪੰਜਾਬ: ਇਨ੍ਹਾਂ ਦਵਾਈਆਂ ‘ਤੇ ਲੱਗੀ ਰੋਕ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ, ਕੈਮਿਸਟਾਂ ਨੂੰ ਦਿੱਤੇ ਨਿਰਦੇਸ਼
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਐਫ੍ਰਿਨ ਹਾਈਡ੍ਰੋਕਲੋਰਾਈਡ ਦੇ ਨਿਸ਼ਚਿਤ ਖੁਰਾਕ ਸੰਯੋਜਨ (ਫਿਕਸਡ ਡੋਜ਼ ਕੰਬੀਨੇਸ਼ਨ) ਵਾਲੀਆਂ ਦਵਾਈਆਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਸਿਹਤ ਅਤੇ ਪਰਿਵਾਰ ਵੈੱਲਫੇਅਰ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਨਿਸ਼ਚਿਤ ਖੁਰਾਕ ਸੰਯੋਜਨ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਨਹੀਂ ਕੀਤੀ ਜਾਵੇਗੀ। ਕੇਂਦਰ ਸਰਕਾਰ ਦਾ ਇਹ ਫੈਸਲਾ ਮਾਹਿਰ ਕਮੇਟੀ ਦੀ ਜਾਂਚ ਅਤੇ ਦਵਾਈ ਤਕਨੀਕੀ ਸਲਾਹਕਾਰ ਬੋਰਡ ਦੀਆਂ ਸਿਫਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਨੇ ਮੰਨਿਆ ਕਿ ਇਸ ਉਮਰ ਵਰਗ ਦੇ ਬੱਚਿਆਂ ਲਈ ਇਸ ਸੰਯੋਜਨ ਦੀ ਵਰਤੋਂ ਨਾਲ ਸਿਹਤ ਨੂੰ ਖਤਰਾ ਹੋ ਸਕਦਾ ਹੈ ਅਤੇ ਇਸ ਦਾ ਸੁਰੱਖਿਅਤ ਬਦਲ ਉਪਲੱਬਧ ਹੈ। ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਵਿਸ਼ੇਸ਼ ਮਾਹਿਰ ਕਮੇਟੀ ਨੇ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਐਫ੍ਰਿਨ ਹਾਈਡ੍ਰੋਕਲੋਰਾਈਡ ਦੇ ਨਿਸ਼ਚਿਤ ਖੁਰਾਕ ਸੰਯੋਜਨ ਨਾਲ ਸਬੰਧਤ ਫਾਰਮੂਲੇਸ਼ਨਾਂ ਦੀ ਜਾਂਚ ਕੀਤੀ। ਕਮੇਟੀ ਨੇ ਆਪਣੀ ਸਿਫਾਰਸ਼ ਵਿਚ ਕਿਹਾ ਕਿ ਇਸ ਸੰਯੋਜਨ ਵਾਲੀਆਂ ਦਵਾਈਆਂ ’ਤੇ ਸਪੱਸ਼ਟ ਚਿਤਾਵਨੀ ਹੋਣੀ ਚਾਹੀਦੀ ਹੈ ਕਿ ਇਸ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਨਾ ਕੀਤੀ ਜਾਵੇ। ਇਸ ਤੋਂ ਬਾਅਦ ਦਵਾਈ ਤਕਨੀਕੀ ਸਲਾਹਕਾਰ ਬੋਰਡ ਨੇ ਵੀ ਮਾਮਲੇ ਦੀ ਸਮੀਖਿਆ ਕੀਤੀ ਅਤੇ ਇਸ ਨਿਸ਼ਚਿਤ ਖੁਰਾਕ ਸੰਯੋਜਨ ਵਾਲੀਆਂ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ਨੂੰ ਨਿਯਮਾਂ ਅਧੀਨ ਲਿਆਉਣ ਦੀ ਸਿਫਾਰਸ਼ ਕੀਤੀ। ਕੇਂਦਰ ਸਰਕਾਰ ਨੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 26ਏ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਫੈਸਲਾ ਲਾਗੂ ਕੀਤਾ ਹੈ। ਇਸ ਫੈਸਲੇ ਦਾ ਸਭ ਤੋਂ ਅਹਿਮ ਪੱਖ ਇਹ ਹੈ ਕਿ ਨਿਰਮਾਤਾ ਕੰਪਨੀਆਂ ਨੂੰ ਸਿਰਫ਼ ਦਵਾਈ ਦੀ ਵਿਕਰੀ ਜਾਂ ਵੰਡ ਨੂੰ ਨਿਯਮਿਤ ਕਰਨ ਤੱਕ ਹੀ ਸੀਮਤ ਨਹੀਂ ਰਹਿਣਾ ਪਵੇਗਾ, ਸਗੋਂ ਦਵਾਈ ਦੇ ਲੇਬਲ, ਪੈਕੇਜ ਇਨਸਰਟ ਅਤੇ ਪ੍ਰਚਾਰ ਸਮੱਗਰੀ ’ਤੇ ਵੀ ਸਪੱਸ਼ਟ ਚਿਤਾਵਨੀ ਦਰਜ ਕਰਨੀ ਪਵੇਗੀ। ਚਿਤਾਵਨੀ ਵਿਚ ਸਾਫ਼ ਤੌਰ ’ਤੇ ਦਰਸਾਉਣਾ ਹੋਵੇਗਾ ਕਿ ਨਿਸ਼ਚਿਤ ਖੁਰਾਕ ਸੰਯੋਜਨ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਨਹੀਂ ਕੀਤੀ ਜਾਵੇਗੀ। ਇਸ ਨਾਲ ਮਾਪਿਆਂ, ਡਾਕਟਰਾਂ, ਫਾਰਮਾਸਿਸਟਾਂ ਅਤੇ ਦਵਾਈ ਵਿਕਰੇਤਾਵਾਂ ਲਈ ਇਹ ਗੱਲ ਹੋਰ ਸਪੱਸ਼ਟ ਹੋਵੇਗੀ ਕਿ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਸੰਯੋਜਨ ਵਾਲੀ ਦਵਾਈ ਦੇਣ ਤੋਂ ਪਰਹੇਜ਼ ਕੀਤਾ ਜਾਣਾ ਹੈ। ਸਿਹਤ ਵਿਭਾਗ ਦੇ ਡਰੱਗ ਵਿੰਗ ਦੇ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨਾਲ ਜੁੜੀਆਂ ਦਵਾਈਆਂ ਵਿਚ ਉਮਰ ਦੀ ਪਾਬੰਦੀ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਐਫ੍ਰਿਨ ਹਾਈਡ੍ਰੋਕਲੋਰਾਈਡ ਦੇ ਨਿਸ਼ਚਿਤ ਖੁਰਾਕ ਸੰਯੋਜਨ ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਚਿਤਾਵਨੀ ਦੀ ਪਾਲਣਾ ਕਰਵਾਉਣਾ ਜ਼ਰੂਰੀ ਹੈ। ਦਵਾਈ ਦੇ ਲੇਬਲ ਅਤੇ ਪੈਕੇਜ ’ਤੇ ਦਿੱਤੀ ਚਿਤਾਵਨੀ ਨੂੰ ਪੜ੍ਹ ਕੇ ਹੀ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਡਰੱਗ ਕੰਟਰੋਲ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਨੋਟੀਫਿਕੇਸ਼ਨ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਨੋਟੀਫਿਕੇਸ਼ਨ ਰਾਜਪੱਤਰ ਵਿਚ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਪ੍ਰਭਾਵੀ ਹੋਵੇਗੀ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਸਿਰਫ਼ ਸਲਾਹ ਤੱਕ ਸੀਮਤ ਨਾ ਰੱਖਦਿਆਂ ਕਾਨੂੰਨੀ ਨਿਯਮਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਇਸ ਫੈਸਲੇ ਦਾ ਮਕਸਦ ਦਵਾਈਆਂ ਦੀ ਵਰਤੋਂ ਨੂੰ ਬੇਲੋੜੇ ਢੰਗ ਨਾਲ ਰੋਕਣਾ ਨਹੀਂ, ਸਗੋਂ ਇਕ ਖਾਸ ਉਮਰ ਵਰਗ ਦੇ ਬੱਚਿਆਂ ਨੂੰ ਸੰਭਾਵਿਤ ਖਤਰੇ ਤੋਂ ਬਚਾਉਣਾ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਵਿਚ ਸੁਰੱਖਿਅਤ ਬਦਲ ਉਪਲਬੱਧ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ।

