ਅਨੰਦਪੁਰ ਸਾਹਿਬ ਸੈਸ਼ਨ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ — ਗਿਆਨੀ ਹਰਪ੍ਰੀਤ ਸਿੰਘ (ਪ੍ਰਧਾਨ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ)

ਚੰਡੀਗੜ੍ਹ, 22 ਅਕਤੂਬਰ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਅਨੰਦਪੁਰ ਸਾਹਿਬ ਵਿੱਚ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਫ਼ੈਸਲੇ ਨੂੰ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸਨੂੰ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਦੀ ਅਧਿਕਾਰਿਤ ਵਿਧਾਨ ਸਭਾ ਹੋਣ ਦੇ ਬਾਵਜੂਦ ਅਨੰਦਪੁਰ ਸਾਹਿਬ ਵਿੱਚ ਵੱਖਰਾ ਸੈਸ਼ਨ ਬੁਲਾਉਣਾ ਸਿਰਫ਼ ਸਿਆਸੀ ਮੁਫ਼ਾਦ ਅਤੇ ਦਿਖਾਵੇ ਲਈ ਕੀਤਾ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਕਦਮ ਨੂੰ “ਸਿਰਫ਼ ਸਿਆਸੀ ਡਰਾਮੇਬਾਜ਼ੀ” ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਜਿਹੜੇ ਕੰਮ ਸਰਕਾਰ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਵਿਧਾਨ ਸਭਾ ਵਿੱਚ ਕਰਨੇ ਚਾਹੀਦੇ ਸਨ, ਉਹਨਾਂ ਵਿੱਚ ਇੱਕ ਵੀ ਅੱਗੇ ਕਦਮ ਨਹੀਂ ਚੁੱਕਿਆ ਗਿਆ। ਹੁਣ ਇੱਕ ਦਿਨ ਦੇ ਪ੍ਰਤੀਕਾਤਮਕ ਸੈਸ਼ਨ ਲਈ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ, ਜੋ ਜਨਤਕ ਪੈਸੇ ਦੀ ਖੁੱਲ੍ਹੀ ਬਰਬਾਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹੀ ਫੰਡ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ’ਤੇ ਮੈਡੀਕਲ ਕਾਲਜ ਬਣਾਉਣ ਲਈ ਵਰਤੇ ਜਾ ਸਕਦੇ ਸਨ, ਜਿਸ ਨਾਲ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਇਨਸਾਫ਼ ਦੇ ਮੁੱਦੇ ਹੱਲ ਹੋ ਸਕਦੇ ਸਨ — ਜਿਨ੍ਹਾਂ ਨੂੰ ਵਰਤ ਕੇ “ਆਮ ਆਦਮੀ ਪਾਰਟੀ” ਨੇ ਸੱਤਾ ਹਾਸਲ ਕੀਤੀ ਸੀ।
ਉਨ੍ਹਾਂ ਸਵਾਲ ਉਠਾਇਆ ਕਿ ਖ਼ਾਲਸੇ ਦੀ ਧਰਤੀ ’ਤੇ ਹੋ ਰਹੇ ਇਸ ਪ੍ਰਤੀਕਾਤਮਕ ਸੈਸ਼ਨ ਵਿੱਚ ਕੀ ਸਿੱਖ ਮਸਲਿਆਂ, ਬੇਅਦਬੀ ਮਾਮਲਿਆਂ ਅਤੇ ਮੌੜ ਬੰਬ ਧਮਾਕੇ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ — ਜਾਂ ਇਹ ਵੀ ਸਿਰਫ਼ ਸਿਆਸੀ ਨਾਟਕ ਦਾ ਹਿੱਸਾ ਹੀ ਹੈ ।

