Another blackout across Punjab; lights must be switched off as soon as the sirens sound.
ਪੰਜਾਬ ਭਰ ‘ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ ਲਾਈਟਾਂ
ਚੰਡੀਗੜ੍ਹ/ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ 27 ਨਵੰਬਰ ਨੂੰ ਰਾਤ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਇਹ ਮੌਕ ਡਰਿੱਲ ਸੂਬੇ ਭਰ ’ਚ ਸਿਵਲ ਡਿਫੈਂਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਇਨ੍ਹਾਂ ਤਿਆਰੀਆਂ ’ਚ ਮਜ਼ਬੂਤੀ ਲਿਆਉਣ ਲਈ ਕੀਤੀ ਜਾ ਰਹੀ ਹੈ। ਮੌਕ ਡਰਿੱਲ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਦੋ ਮਿੰਟ ਲਈ ਹਾਈ-ਲੋਅ ਪਿੱਚ ਵਾਲਾ ਸਾਇਰਨ ਵਜਾਇਆ ਜਾਵੇਗਾ। ਇਸ ਦੌਰਾਨ ਸਬੰਧਿਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਮੌਕ ਡਰਿੱਲ ਵਾਲੇ ਖੇਤਰਾਂ ’ਚ ਬਲੈਕਆਊਟ ਕੀਤਾ ਜਾਵੇਗਾ। ਬਲੈਕਆਊਟ ਦੌਰਾਨ ਤੈਅ ਖੇਤਰਾਂ ’ਚ ਆਮ ਲੋਕਾਂ ਨੂੰ ਸਾਰੀਆਂ ਗ਼ੈਰ-ਜ਼ਰੂਰੀ ਲਾਈਟਾਂ ਬੰਦ ਕਰਨ ਲਈ ਕਿਹਾ ਜਾਵੇਗਾ, ਜਦੋਂ ਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਮੌਕ ਡਰਿੱਲ ਮੁਕੰਮਲ ਹੋਣ ’ਤੇ ਦੋ ਮਿੰਟ ਲਈ ਤੇਜ਼ ਆਵਾਜ਼ ਵਾਲਾ ਸਾਇਰਨ ਵਜਾ ਕੇ ‘ਆਲ ਕਲੀਅਰ’ ਦਾ ਸੰਕੇਤ ਦਿੱਤਾ ਜਾਵੇਗਾ।

