ਲਾਹੌਰ ਦੇ ਐਚੀਸਨ ਕਾਲਜ ਗੁਰਦੁਆਰੇ ਵਿੱਚ 78 ਸਾਲ ਬਾਅਦ ਅਰਦਾਸ

14 ਫਰਵਰੀ 2026, ਲਾਹੌਰ – ਪਾਕਿਸਤਾਨ ਦੇ ਲਾਹੌਰ ਸਥਿਤ ਮਸ਼ਹੂਰ ਐਚੀਸਨ ਕਾਲਜ ਦੇ ਗੁਰਦੁਆਰੇ ਵਿੱਚ 1947 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਅਰਦਾਸ ਕੀਤੀ ਗਈ ਹੈ। ਕਾਲਜ ਦੀ 140ਵੀਂ ਵਰ੍ਹੇਗੰਢ ਮੌਕੇ ਬੁੱਧਵਾਰ ਨੂੰ ਵਿਸ਼ੇਸ਼ ਅਰਦਾਸ ਸਮਾਗਮ ਰੱਖਿਆ ਗਿਆ ਜਿਸ ਵਿੱਚ ਲਗਭਗ 100 ਲੋਕ ਸ਼ਾਮਲ ਹੋਏ।
ਐਚੀਸਨ ਕਾਲਜ ਦੇ ਆਨਰੇਰੀ ਦੂਤ ਡਾ. ਤਰੁਣਜੀਤ ਸਿੰਘ ਬੁਟਾਲੀਆ ਨੇ ਦੱਸਿਆ ਕਿ ਵੰਡ ਤੋਂ ਬਾਅਦ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਗੁਰਦੁਆਰਾ ਬੰਦ ਪਿਆ ਸੀ ਪਰ ਕਾਲਜ ਵੱਲੋਂ ਇਸ ਦੀ ਲਗਾਤਾਰ ਸਾਂਭ-ਸੰਭਾਲ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਸੇ ਸਥਾਨ ‘ਤੇ ਅਰਦਾਸ ਸੀ ਜਿੱਥੇ ਉਨ੍ਹਾਂ ਦੇ ਪਿਤਾ, ਦਾਦਾ ਅਤੇ ਪੜਦਾਦਾ ਵੰਡ ਤੋਂ ਪਹਿਲਾਂ ਐਚੀਸਨ ਕਾਲਜ ਦੇ ਵਿਦਿਆਰਥੀ ਹੁੰਦਿਆਂ ਹਰ ਸ਼ਾਮ ਅਰਦਾਸ ਕਰਦੇ ਹੁੰਦੇ ਸਨ। ਡਾ. ਬੁਟਾਲੀਆ ਨੇ ਕਾਲਜ ਦੀ ਵਰ੍ਹੇਗੰਢ ਸਬੰਧੀ ਇਹ ਸਮਾਗਮ ਕਰਵਾਉਣ ਵਿੱਚ ਵੀ ਮਦਦ ਕੀਤੀ।
ਇਹ ਘਟਨਾ ਸਿੱਖ ਇਤਿਹਾਸ ਅਤੇ ਵਿਰਸੇ ਨੂੰ ਜਿਉਂਦਾ ਰੱਖਣ ਦੇ ਮਾਮਲੇ ਵਿੱਚ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਲਾਹੌਰ ਵਿੱਚ ਰਹਿੰਦੇ ਸਿੱਖਾਂ ਅਤੇ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਲਈ ਇਹ ਇੱਕ ਯਾਦਗਾਰੀ ਪਲ ਰਿਹਾ ਹੈ।

