Army Wing Commander caught in honey trap! Sent intelligence to Pakistan, arrested by Delhi Police
ਹਨੀ ਟ੍ਰੈਪ ‘ਚ ਫ਼ਸਿਆ ਫ਼ੌਜ ਦਾ ਵਿੰਗ ਕਮਾਂਡਰ ! ਪਾਕਿ ਨੂੰ ਭੇਜੀ ਖ਼ੁਫ਼ੀਆ ਜਾਣਕਾਰੀ, ਦਿੱਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਪੁਲਸ ਨੇ ਖ਼ੁਫ਼ੀਆ ਰੱਖਿਆ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕਰਨ ਦੇ ਦੋਸ਼ ਹੇਠ ਹਵਾਈ ਫੌਜ ਦੇ ਇਕ ਵਿੰਗ ਕਮਾਂਡਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਵਿੰਗ ਕਮਾਂਡਰ ਖਿਲਾਫ ਸਰਕਾਰੀ ਗੁਪਤਤਾ ਕਾਨੂੰਨ (ਆਫ਼ੀਸ਼ੀਅਲ ਸੀਕ੍ਰੇਟਸ ਐਕਟ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿੰਗ ਕਮਾਂਡਰ ਅਜੇ ਨਿਆਂਇਕ ਹਿਰਾਸਤ ’ਚ ਹੈ ਅਤੇ ਪੁਲਸ ਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਦੇ ਕਈ ਲੋਕ ਜਾਸੂਸੀ ’ਚ ਸ਼ਾਮਲ ਹੋ ਸਕਦੇ ਹਨ। ਹਵਾਈ ਫੌਜ ਦੇ ਇਸ ਅਧਿਕਾਰੀ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਦੇ ਏਜੰਟ ਨੇ ਹਨੀ ਟ੍ਰੈਪ ’ਚ ਫਸਾ ਲਿਆ ਸੀ। ਪੁਲਸ ਨੇ ਦੱਸਿਆ ਕਿ ਪਾਕਿਸਤਾਨੀ ਮਹਿਲਾ ਏਜੰਟ ਨੇ ਮੁਲਜ਼ਮ ਅਧਿਕਾਰੀ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਜਾਲ ’ਚ ਫਸਾਇਆ। ਸੂਤਰਾਂ ਅਨੁਸਾਰ, ਔਰਤ ਨੇ ਅਧਿਕਾਰੀ ਨਾਲ ਸੰਪਰਕ ਕਾਇਮ ਕਰਨ ਤੋਂ ਬਾਅਦ ਵੀਡੀਓ ਕਾਲ ਅਤੇ ਹੋਰ ਡਿਜੀਟਲ ਮਾਧਿਅਮਾਂ ਰਾਹੀਂ ਉਸ ਨਾਲ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ, ਮੁਲਜ਼ਮ ਅਧਿਕਾਰੀ ਆਪਣੀ ਨਿੱਜੀ ਜ਼ਿੰਦਗੀ ਦੇ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਸੀ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਉਸ ਦੀ ਮੁਲਾਕਾਤ ਇਕ ਔਰਤ ਨਾਲ ਹੋ ਗਈ। ਔਰਤ ਅਤੇ ਵਿੰਗ ਕਮਾਂਡਰ ਵਿਚਾਲੇ ਗੱਲਬਾਤ ਚੱਲਦੀ ਰਹੀ ਅਤੇ ਭਰੋਸੇ ਦਾ ਫਾਇਦਾ ਉਠਾ ਕੇ ਔਰਤ ਨੇ ਕਈ ਰੱਖਿਆ ਜਾਣਕਾਰੀਆਂ ਹਾਸਲ ਕਰ ਲਈਆਂ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਔਰਤ ਆਪਣੇ ਸਾਥੀ ਵਿੰਗ ਕਮਾਂਡਰ ਨਾਲ ਰੱਖਿਆ ਯੂਨਿਟਾਂ ’ਚ ਵੀ ਆਉਂਦੀ-ਜਾਂਦੀ ਰਹਿੰਦੀ ਸੀ। ਇਸ ਮਾਮਲੇ ’ਚ ਹਵਾਈ ਫੌਜ ਨੇ ਦਿੱਲੀ ਪੁਲਸ ਨਾਲ ਇਸ ਮਾਮਲੇ ਨੂੰ ਸਾਂਝਾ ਕੀਤਾ ਅਤੇ 30 ਮਈ ਨੂੰ ਵਿੰਗ ਕਮਾਂਡਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਵਿੰਗ ਕਮਾਂਡਰ ਨੂੰ ਪੁਲਸ ਕਸਟਡੀ ’ਚ ਰੱਖਿਆ ਗਿਆ ਸੀ ਅਤੇ ਬਾਅਦ ’ਚ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਮਿਲੀ ਜਾਣਕਾਰੀ ਅਨੁਸਾਰ, ਵਿੰਗ ਕਮਾਂਡਰ ਨੇ ਔਰਤ ਦੇ ਜ਼ਰੀਏ ਪਾਕਿਸਤਾਨੀ ਹੈਂਡਲਰਾਂ ਨੂੰ ਕਈ ਦਸਤਾਵੇਜ਼ ਭੇਜੇ ਸਨ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕਿਹੜੇ ਦਸਤਾਵੇਜ਼ ਸਨ ਜੋ ਪਾਕਿਸਤਾਨੀ ਹੈਂਡਲਰਾਂ ਨਾਲ ਸਾਂਝੇ ਕੀਤੇ ਗਏ ਸਨ। ਇਸ ਮਾਮਲੇ ਨੂੰ ਲੈ ਕੇ ਇਕ ਹੋਰ ਵੱਡਾ ਖੁਲਾਸਾ ਸਾਹਮਣੇ ਆਇਆ ਹੈ, ਜਿਸ ’ਚ ਦੱਸਿਆ ਗਿਆ ਕਿ ਔਰਤ ਨੇ ਅਧਿਕਾਰੀ ਦੇ ਮੋਬਾਈਲ ਫੋਨ ’ਚ ਇਕ ਐਪ ਇੰਸਟਾਲ ਕਰਵਾਇਆ ਸੀ, ਜਿਸ ਦੇ ਜ਼ਰੀਏ ਵੀਡੀਓ, ਫੋਟੋਆਂ ਦੇ ਨਾਲ-ਨਾਲ ਕਈ ਦਸਤਾਵੇਜ਼ ਪਾਕਿਸਤਾਨੀ ਹੈਂਡਲਰਾਂ ਨਾਲ ਸਾਂਝੇ ਕੀਤੇ ਗਏ।

