Artistic tribute to late poet Surjit Patar at Melbourne art exhibition
ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ ‘ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ
ਮੈਲਬੌਰਨ (ਆਵਾਜ਼ਿ ਕੌਮ ਬਿਊਰੋ)-ਮੈਲਟਨ ਸਿਟੀ ਕੌਂਸਲ ਵੱਲੋਂ ਆਪਣੇ 2026 ਦੇ ਆਰਟਸ ਪ੍ਰੋਗਰਾਮ ਤਹਿਤ ਕੈਰੋਲਾਈਨ ਸਪ੍ਰਿੰਗਜ਼ ਲਾਇਬ੍ਰੇਰੀ ਵਿਖੇ ਆਯੋਜਿਤ ਕੀਤੀ ਗਈ ਸਮੂਹਿਕ ਕਲਾ ਪ੍ਰਦਰਸ਼ਨੀ “ਕਾੱਮਨ” ਵਿੱਚ ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਰਾਸਤ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ। ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਨਾਲ ਸਬੰਧਤ ਉੱਭਰਦੇ ਅਤੇ ਸਥਾਪਤ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਵਾਲੇ ਇਸ ਬਹੁ-ਸੱਭਿਆਚਾਰਕ ਸਮਾਗਮ ਵਿੱਚ ਮੈਲਬੌਰਨ ਵਸਦੇ ਪੰਜਾਬੀ ਕਲਾਕਾਰ ਅਤੇ ਗੁਰਮੁਖੀ ਕੈਲੀਗ੍ਰਾਫਰ ਸਿਮਰਨਜੀਤ ਸਿੰਘ ਸਦਿਓਰਾ ਵੱਲੋਂ ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਚਿੱਤਰ ਸਾਰੇ ਦਰਸ਼ਕਾਂ ਲਈ ਮੁੱਖ ਆਕਰਸ਼ਣ ਦਾ ਕੇਂਦਰ ਰਿਹਾ। ਇਸ ਮੌਕੇ ਆਪਣੀ ਕਲਾ ਬਾਰੇ ਗੱਲਬਾਤ ਕਰਦਿਆਂ ਕਲਾਕਾਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਿਆਹੀ ਨਾਲ ਤਿਆਰ ਕੀਤਾ ਇਹ ਚਿੱਤਰ ਸਿਰਫ਼ ਇੱਕ ਕਲਾਕ੍ਰਿਤੀ ਨਹੀਂ, ਸਗੋਂ ਪੰਜਾਬੀ ਭਾਸ਼ਾ, ਮਨੁੱਖੀ ਭਾਵਨਾਵਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਆਪਣੀ ਕਵਿਤਾ ਰਾਹੀਂ ਅਮਰ ਕਰਨ ਵਾਲੀ ਮਹਾਨ ਸਾਹਿਤਕ ਸ਼ਖ਼ਸੀਅਤ ਨੂੰ ਸਤਿਕਾਰ ਭੇਟ ਕਰਨ ਦਾ ਇੱਕ ਸਾਧਨ ਹੈ। ਇਸ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਮੈਲਟਨ ਸਿਟੀ ਕੌਂਸਲ ਦੀ ਮੇਅਰ ਲਾਰਾ ਕਾਰਲੀ ਵੱਲੋਂ ਕੀਤਾ ਗਿਆ। ਇਸ ਦੌਰਾਨ ਸੰਸਦ ਮੈਂਬਰ ਐਲਿਸ ਜੌਰਡਨ ਬੇਅਰਡ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰ ਕੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਸਿਮਰਨਜੀਤ ਸਿੰਘ ਦੀ ਬਾਰੀਕੀ ਨਾਲ ਕੀਤੀ ਕਲਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ‘ਚ ਪਹੁੰਚੇ ਹੋਰਨਾਂ ਸ਼ਖ਼ਸੀਅਤਾਂ ਅਤੇ ਦਰਸ਼ਕਾਂ ਨੇ ਵੀ ਕਲਾਕਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੋਗਾ ਇਲਾਕੇ ਨਾਲ ਸਬੰਧਤ ਸਿਮਰਨਜੀਤ ਸਿੰਘ ਇਸ ਤੋਂ ਪਹਿਲਾਂ ਵੀ ਕੈਨਬਰਾ ਫੈਡਰਲ ਪਾਰਲੀਮੈਂਟ, ਵਿਕਟੋਰੀਆ ਪਾਰਲੀਮੈਂਟ ਅਤੇ ਆਸਟ੍ਰੇਲੀਆਈ ਸਿੱਖ ਖੇਡਾਂ ਵਰਗੇ ਪ੍ਰਮੁੱਖ ਭਾਈਚਾਰਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਆਪਣੀਆਂ ਕਲਾਕ੍ਰਿਤੀਆਂ ਦਾ ਪ੍ਰਦਰਸ਼ਨ ਕਰਕੇ ਪੰਜਾਬੀ ਭਾਈਚਾਰੇ ਦਾ ਨਾਂ ਰੋਸ਼ਨ ਕਰ ਚੁੱਕੇ ਹਨ।

