Balwant Singh Rajoana gets permission for eye treatment, along with the High Court’s strict verdict
ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੀ ਮਿਲੀ ਇਜਾਜ਼ਤ, ਨਾਲ ਹੀ ਹਾਈਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅਤੇ ਪਟਿਆਲਾ ਕੇਂਦਰੀ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਅੱਖਾਂ ਦੇ ਆਪਰੇਸ਼ਨ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਜਸਟਿਸ ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਕਿਸੇ ਵੀ ਨਿੱਜੀ ਹਸਪਤਾਲ ‘ਚ ਨਹੀਂ ਕਰਵਾਇਆ ਜਾਵੇਗਾ, ਸਗੋਂ ਇਹ ਪ੍ਰਕਿਰਿਆ ਸਿਰਫ਼ ਪੀ. ਜੀ. ਆਈ. ਚੰਡੀਗੜ੍ਹ ਵਿਖੇ ਹੀ ਮੁਕੰਮਲ ਕੀਤੀ ਜਾਵੇਗੀ। ਸੁਣਵਾਈ ਦੌਰਾਨ ਏ. ਐੱਸ. ਜੀ. (ਵਧੀਕ ਸਾਲਿਸਟਰ ਜਨਰਲ) ਦੀਆਂ ਦਲੀਲਾਂ ‘ਤੇ ਗ਼ੌਰ ਕਰਦਿਆਂ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਫ਼ੈਸਲਾ ਸੁਣਾਇਆ ਕਿ ਆਮ ਲੋਕ ਵੀ ਬਿਹਤਰ ਇਲਾਜ ਲਈ ਪੀ. ਜੀ. ਆਈ. ਨੂੰ ਹੀ ਪਹਿਲ ਦਿੰਦੇ ਹਨ। ਅਜਿਹੇ ‘ਚ ਅਦਾਲਤ ਨੂੰ ਰਾਜੋਆਣਾ ਵੱਲੋਂ ਨਿੱਜੀ ਹਸਪਤਾਲ ‘ਚ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਨਜ਼ਰ ਨਹੀਂ ਆਇਆ। ਅਦਾਲਤ ਨੇ ਪਟੀਸ਼ਨਰ ਨੂੰ ਛੋਟ ਦਿੱਤੀ ਹੈ ਕਿ ਉਹ ਪੀ. ਜੀ. ਆਈ. ਵਿਖੇ ਆਪਣੀਆਂ ਅੱਖਾਂ ਦੀ ਡਾਕਟਰੀ ਜਾਂਚ ਕਰਵਾ ਸਕਦੇ ਹਨ ਅਤੇ ਜੇਕਰ ਮਾਹਿਰ ਡਾਕਟਰ ਆਪਰੇਸ਼ਨ ਨੂੰ ਲਾਜ਼ਮੀ ਮੰਨਦੇ ਹਨ ਤਾਂ ਇਹ ਆਪਰੇਸ਼ਨ ਪੁਲਸ ਸੁਰੱਖਿਆ ਹੇਠ ਪੀ. ਜੀ. ਆਈ. ‘ਚ ਹੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਨਵਰੀ 2026 ਦੌਰਾਨ ਪੀ. ਜੀ. ਆਈ. ‘ਚ ਹੋਈ ਜਾਂਚ ਦੌਰਾਨ ਰਾਜੋਆਣਾ ਦੀਆਂ ਅੱਖਾਂ ‘ਚ ਮੋਤੀਆਬਿੰਦ ਹੋਣ ਦੀ ਪੁਸ਼ਟੀ ਹੋਈ ਸੀ। ਪਟਿਆਲਾ ਕੇਂਦਰੀ ਜੇਲ੍ਹ ਦੇ ਹਸਪਤਾਲ ‘ਚ ਇਸ ਆਪਰੇਸ਼ਨ ਦੀ ਸਹੂਲਤ ਨਾ ਹੋਣ ਕਰਕੇ ਉਨ੍ਹਾਂ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਪਟੀਸ਼ਨ ‘ਚ ਉਨ੍ਹਾਂ ਦੱਸਿਆ ਸੀ ਕਿ ਪਾਵਰ ਵਾਲੀ ਐਨਕ ਲਗਾਉਣ ਕਾਰਨ ਉਨ੍ਹਾਂ ਨੂੰ ਐਲਰਜੀ ਅਤੇ ਖ਼ਾਰਸ਼ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਉਨ੍ਹਾਂ ਨੇ ਪਟਿਆਲਾ ਦੇ ਡਾ. ਆਰ. ਐੱਸ. ਰੰਧਾਵਾ ਆਈ ਹਸਪਤਾਲ ਤੋਂ ਆਪਣੇ ਖ਼ਰਚੇ ‘ਤੇ ਆਪਰੇਸ਼ਨ ਕਰਵਾਉਣ ਅਤੇ ਬਾਅਦ ‘ਚ ਮੁੜ ਜੇਲ੍ਹ ਭੇਜੇ ਜਾਣ ਦੀ ਇਜਾਜ਼ਤ ਮੰਗੀ ਸੀ। ਅਦਾਲਤ ਵੱਲੋਂ ਦਿੱਤੇ ਇਸ ਫ਼ੈਸਲੇ ਤੋਂ ਬਾਅਦ ਹੁਣ ਰਾਜੋਆਣਾ ਦੀ ਅਗਲੀ ਜਾਂਚ ਅਤੇ ਸੰਭਾਵਿਤ ਆਪਰੇਸ਼ਨ ਦੀ ਸਾਰੀ ਪ੍ਰਕਿਰਿਆ ਪੀ. ਜੀ. ਆਈ. ਚੰਡੀਗੜ੍ਹ ਵਿਖੇ ਹੀ ਪੂਰੀ ਹੋ ਸਕਦੀ ਹੈ।

