Ban on ‘Chinese apps’ that remotely stop running e-rickshaws
ਚੱਲਦੇ ਈ-ਰਿਕਸ਼ਾ ਨੂੰ ਦੂਰ ਤੋਂ ਬੰਦ ਕਰਨ ਵਾਲੇ ‘ਚਾਈਨੀਜ਼ ਐਪਸ’ ’ਤੇ ਬੈਨ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- India ਸਰਕਾਰ ਨੇ ਦੇਸ਼ ’ਚ ਈ-ਰਿਕਸ਼ਾ ਸਮੇਤ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਦੂਰ ਤੋਂ ਬੰਦ (ਹੈਕ) ਕਰਨ ’ਚ ਕਥਿਤ ਤੌਰ ’ਤੇ ਵਰਤੇ ਜਾ ਰਹੇ ਚੀਨ ਦੇ ਤਿੰਨ ਐਪਸ ‘ਬੈਟ-ਬੀ. ਐੱਮ. ਐੱਸ.’, ‘ਲੌਸਿਜੀ’ ਅਤੇ ‘ਏਪੌਕ-ਆਈ-ਆਇਨ’ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਸਰਕਾਰ ਦੀ ਇਹ ਕਾਰਵਾਈ ਕੁਝ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਈ, ਜਿਨ੍ਹਾਂ ’ਚ ਦਿਖਾਇਆ ਗਿਆ ਸੀ ਕਿ ਚੀਨੀ ਸਮਾਰਟਫੋਨ ਐਪ ‘ਬੈਟ-ਬੀ. ਐੱਮ. ਐੱਸ.’ ਦੇ ‘ਰਿਮੋਟ ਸ਼ਟਡਾਊਨ’ ਫੀਚਰ ਦੇ ਜ਼ਰੀਏ ਈ-ਰਿਕਸ਼ਾ ਨੂੰ ਦੂਰ ਤੋਂ ਬੰਦ ਕੀਤਾ ਜਾ ਸਕਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ਨਾਲ ਜੁੜੀਆਂ ਵਾਹਨ ਪ੍ਰਬੰਧਨ ਪ੍ਰਣਾਲੀਆਂ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਵਿਆਪਕ ਚਿੰਤਾ ਪੈਦਾ ਹੋ ਗਈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਦੂਰ ਤੋਂ ਬੰਦ ਕਰਨ ਲਈ ਵਰਤੇ ਜਾ ਰਹੇ ਬੈਟ-ਬੀ. ਐੱਮ. ਐੱਸ., ਲੌਸਿਜੀ ਅਤੇ ਏਪੌਕ-ਆਈ-ਆਇਨ ਐਪਸ ਹਟਾਉਣ ਦਾ ਹੁਕਮ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਸਾਵਧਾਨ ਕੀਤਾ ਕਿ ਇਸ ਤਰ੍ਹਾਂ ਦੀ ਦੁਰਵਰਤੋਂ ’ਚ ਸ਼ਾਮਲ ਕਿਸੇ ਵੀ ਹੋਰ ਐਪ ਨੂੰ ਵੀ ਹਟਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸੂਚਨਾ ਤਕਨਾਲੋਜੀ (ਆਈ. ਟੀ.) ਸਕੱਤਰ ਐੱਸ. ਕ੍ਰਿਸ਼ਨਨ ਨੇ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਦੇ ਸਾਈਬਰ ਸੁਰੱਖਿਆ ਸੰਮੇਲਨ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਐਪ ਸਟੋਰ ਨੂੰ ਲੋੜੀਂਦੀ ਚੌਕਸੀ ਵਰਤਣੀ ਚਾਹੀਦੀ ਹੈ।

