“Panthic Goals Can Be Achieved Only By Creating Panthic Spirit and Ethics to Face Challenges – Bhai Amrik Singh Muktsar”
“ਚੁਨੌਤੀਆਂ ਦੇ ਹਾਣ ਦਾ ਪੰਥਕ ਜਜ਼ਬਾ ਅਤੇ ਇਖਲਾਕ ਸਿਰਜ ਕੇ ਹੀ ਪੰਥਕ ਟੀਚੇ ਹਾਸਲ ਹੋ ਸਕਦੇ ਹਨ

4 ਅਪ੍ਰੈਲ 2026 ਮੁਕਤਸਰ –ਜੇਕਰ ਅਸੀਂ ਆਪਣੀ ਰਾਜਨੀਤੀ,ਧਰਮ ਅਤੇ ਸੱਭਿਆਚਾਰ ਵਿੱਚ ਆ ਰਹੇ ਨੈਤਿਕ ਅਤੇ ਬੌਧਿਕ ਨਿਘਾਰ ਬਾਰੇ ਸਮੇਂ ਰਹਿੰਦਿਆਂ ਸਿਰ ਜੋੜ ਕੇ ਗੰਭੀਰ ਚਿੰਤਨ ਕਰਨ ਤੋਂ ਬਾਅਦ ਇਸ ਦੇ ਹੱਲ ਲਈ ਕਾਰਜਸ਼ੀਲ ਨਾ ਹੋਏ ਤਾਂ ਬਹੁਤ ਦੇਰ ਹੋ ਜਾਵੇਗੀ ।ਅੱਜ ਸਾਡੇ ਕੋਲ ਕੋਈ ਇੱਕ ਵੀ ਕਾਰਜਸ਼ੀਲ ਸ਼ਖ਼ਸੀਅਤ ਜਾਂ ਸੰਸਥਾ ਨਹੀਂ ਬਚੀ ਜੋ ਇਸ ਨੈਤਿਕ ਨਿਘਾਰ ਦੇ ਸਮੇਂ ਵਿੱਚ ਪ੍ਰਭਾਵੀ ਸਾਬਤ ਹੋ ਸਕੇ ।ਰਾਜਨੀਤੀ ਅਤੇ ਧਾਰਮਿਕ ਖੇਤਰ ਦੀ ਮੂਹਰਲੀ ਕਤਾਰ ਵਿੱਚ ਸਰਗਰਮ ਲੋਕਾਂ ਵਿੱਚੋਂ ਬਹੁਤਾਂਤ ਸਿਰੇ ਦੀ ਹੱਦ ਤੱਕ ਸਵਾਰਥੀ,ਕੁਰਪਟ ,ਲਾਲਚੀ,ਖੁਦਗਰਜ਼ ,ਅਤੇ ਬਦਚਲਨ ਹੋ ਚੁੱਕੇ ਹਨ । ਜੋ ਥੋੜ੍ਹੇ ਬਹੁਤ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਹਨ ,ਉਹ ਹੱਦ ਦਰਜੇ ਦੇ ਹਊਮੈਗ੍ਰਸਤ ਅਤੇ ਆਪ-ਮੁਹਾਰੇਪਣ ਦਾ ਸ਼ਿਕਾਰ ਹਨ ।ਪੰਜਾਬ ਵਿੱਚਲੇ ਸਾਡੇ ਜੱਥੇਬੰਦਕ ਢਾਂਚਿਆਂ ਨੂੰ ਸਰਕਾਰੀ ਏਜੰਸੀਆਂ ਨੇ ਅਜਿਹੇ ਨਾਗ-ਵੱਲ ਪਾਏ ਹੋਏ ਹਨ ਕਿ ਇਸ ਸਥਿਤੀ ਵਿੱਚ ਇਹਨਾਂ ਢਾਂਚਿਆਂ ਵਿੱਚ ਹੋਣ ਵਾਲੇ ਫ਼ੈਸਲੇ ਸਰਕਾਰੀ ਪ੍ਰਭਾਵ ਤੋਂ ਆਜ਼ਾਦ ਨਹੀਂ ਹੋ ਸਕਦੇ ਹਨ । ਇਹੋ ਕਾਰਨ ਹੈ ਕਿ ਸਾਡੇ ਵੱਲੋਂ ਲਾਏ ਮੋਰਚੇ ਅਤੇ ਜੱਥੇਬੰਦਕ ਚਾਰਾਜੋਈਆਂ ਕੋਈ ਵੀ ਟੀਚਾ ਹਾਸਲ ਨਹੀ ਕਰ ਪਾਉਂਦੇ ।
ਵਿਦੇਸ਼ਾਂ ਵਿੱਚਲੀ ਸਥਿਤੀ ਪੰਜਾਬ ਨਾਲੋਂ ਵੀ ਨਾਜ਼ੁਕ ਹੇ ।ਪੰਜਾਬੀ ਮੀਡੀਏ ,ਕਬੱਡੀ ਕਲੱਬਾਂ ,ਗੁਰਦੁਆਰਾ ਕਮੇਟੀਆਂ ਅਤੇ ਸਿਆਸੀ ਦਫ਼ਤਰਾਂ ਵਿੱਚ ਭਾਰਤੀ ਏਜੰਸੀਆਂ ,ਡਰੱਗ ਡੀਲਰਾਂ ਅਤੇ ਜਰਾਇਮਪੇਸ਼ਾਂ ਲੋਕਾਂ ਦਾ ਮਲਬਾ ਪੂਰੀ ਤਰ੍ਹਾਂ ਭਾਰੀ ਹੈ ।ਇੱਥੋ ਤੱਕ ਕਿ ਖਾਲਿਸਤਾਨੀ ਸਿਆਸਤ ਦਾ ਭਾਰੂ ਹਿੱਸਾ ਵੀ ਇਹਨਾਂ ਅਨਸਰਾਂ ਦੀ ਭੇਟ ਚੜ੍ਹ ਚੁੱਕਾ ਹੈ । ਗੁਰਦੁਆਰਿਆਂ ਕਮੇਟੀਆਂ ਦੀਆਂ ਲੜਾਈਆਂ ਤੋਂ ਇਲਾਵਾ ਧਾਰਮਿਕ ਮਤਭੇਦਾਂ ਕਾਰਨ ਉਪਜੀ ਸਾਡੀ ਆਪਸੀ ਫੁੱਟ ਨੇ ਗਲਤ ਅਤੇ ਸਰਕਾਰੀ ਅਨਸਰਾਂ ਦੀ ਸਾਡੇ ਜੱਥੇਬੰਦਕ ਢਾਂਚਿਆਂ ਵਿੱਚ ਘੁਸਪੈਠ ਆਸਾਨ ਬਣਾਈ ਹੋਈ ਹੈ । ਇਹੋ ਕਾਰਨ ਹੈ ਕਿ ਏਕਤਾ ਜਾਂ ਕਿਸੇ ਚੰਗੇ ਕਾਜ਼ ਲਈ ਕੋਈ ਯਤਨ ਆਰੰਭ ਕਰ ਲਵੋ,ਇਹ ਘੁਸਪੈਠੀਏ ਅਜਿਹੀ ਕਿਸੇ ਕੋਸ਼ਿਸ਼ ਨੂੰ ਤਾਰਪੀਡੋ ਕਰਨ ਦੀਆਂ ਸਾਜ਼ਿਸ਼ਾਂ ਆਰੰਭ ਕਰ ਦਿੰਦੇ ਹਨ ।ਸਿੱਖਾਂ ਵਿੱਚ ਆ ਚੁੱਕੇ ਬੌਧਿਕ ਅਤੇ ਨੈਤਿਕ ਨਿਘਾਰ ਕਾਰਨ ਇਹਨਾਂ ਸਾਜ਼ਿਸ਼ਾਂ ਖਿਲਾਫ਼ ਜੂਝਣ ਦੇ ਉਸ ਪੁਰਾਣੇ ਜਜ਼ਬੇ ਦੀ ਕਮੀ ਵੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੰਦੀ ਹੈ ।
ਇਹ ਗੱਲ ਨਹੀਂ ਕਿ ਸਿੱਖਾਂ ਵਿੱਚ ਇਮਾਨਦਾਰ ਅਤੇ ਸਮਰਪਿਤ ਲੋਕ ਬਿਲਕੁਲ ਖਤਮ ਹੋ ਗਏ ਹਨ ।ਪਰ ਇਮਾਨਦਾਰ ਅਤੇ ਸਮਰਪਿਤ ਲੋਕ ਵੀ ਵੱਖ-ਵੱਖ ਧੜਿਆਂ ਵਿੱਚ ਵੰਡੇ ਹੋਏ ਹਨ ਅਤੇ ਇਹਨਾਂ ਵਿੱਚੋਂ ਬਹੁਤਾਂਤ ਵਸੀਲਿਆਂ ਦੀ ਘਾਟ ਕਾਰਨ ਫੈਸਲਾਕੁਨ ਜੱਥੇਬੰਦਕ ਪੁਜੀਸ਼ਨਾਂ ਤੱਕ ਪਹੁੰਚ ਹੀ ਨਹੀ ਪਾਉਂਦੇ ਹਨ । ਇਸ ਪਦਾਰਥਵਾਦੀ ਯੁੱਗ ਨੇ ਸਿੱਖ ਪੰਥ ਦੀ ਰਵਾਇਤੀ ਰਾਜਸੀ ਅਤੇ ਧਾਰਮਿਕ ਪਛਾਣ ਨੂੰ ਧੁੰਦਲਾ ਕਰ ਦਿੱਤਾ ਹੈ ।ਸਿੱਖ ਆਗੂਆਂ ਅਤੇ ਕਾਰਕੁੰਨਾਂ ਦੇ ਦਾਅਵਿਆਂ ਵਿੱਚ ਸਿੱਖ ਸਿਧਾਂਤ,ਇਤਿਹਾਸ ਅਤੇ ਰਵਾਇਤਾਂ ਦੇ ਹਵਾਲੇ ਅਸੀਂ ਅਕਸਰ ਸੁਣਦੇ ਹਾਂ,ਪਰ ਉਹਨੇ ਦੇ ਦਾਅਵੇ ਉਹਨਾਂ ਦੇ ਅਮਲਾਂ ਨਾਲ ਮੇਲ ਨਹੀਂ ਖਾਂਦੇ ਹਨ । ਸਿੱਖ ਆਗੂਆਂ ਦਾ ਇੱਕ ਵਰਗ ਦਹਾਕਿਆਂ ਤੋਂ ਪੰਥਕ ਪਛਾਣ ਦੇ ਬੈਨਰ ਥੱਲੇ ਸਵਾਰਥਾਂ ਦੀ ਰਾਜਨੀਤੀ ਤੋਂ ਕੌਮਘਾਤ ਦੀ ਰਾਜਨੀਤੀ ਦਾ ਸਫ਼ਰ ਤਹਿ ਕਰਦਾ ਹੋਇਆ,ਆਪਣੀ ਇਖਲਾਕੀ ਮੌਤ ਤੱਕ ਪੁੱਜ ਚੁੱਕਾ ਹੈ । ਜੁਝਾਰੂ ਅਤੇ ਕੁਰਬਾਨੀਆਂ ਦੀ ਵਿਰਾਸਤ ਉੱਪਰ ਆਪਣੀ ਰਾਜਨੀਤੀ ਕਰਨ ਦਾ ਦਾਅਵਾ ਕਰਨ ਵਾਲੀ ਵੰਨਗੀ ਵੀ ਕੌਮ ਵਿੱਚ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ।ਸਿੱਖ ਪੰਥ ਦੀ ਇਹ ਜੁਝਾਰੂ ਧਾਰਾ ਸਮਕਾਲੀ ਪੰਥਕ ਸਰੋਕਾਰਾਂ ਨੂੰ ਵਿਸਾਰ ਕੇ ਕੇਵਲ ਨਾਅਰੇ ਦੀ ਸਿਆਸਤ ਤਕ ਸਿਮਟ ਗਈ ਹੈ ।ਪਿਛਲੇ ਦਹਾਕਿਆਂ ਦੇ ਇਤਿਹਾਸ ਨੇ ਇਸ ਧਾਰਾ ਨੂੰ ਅਜਿਹੇ ਕਈ ਮੌਕੇ ਪ੍ਰਦਾਨ ਕੀਤੇ ਕਿ ਉਹ ਮਜਬੂਰ ਜੱਥੇਬੰਦਕ ਤਾਕਤ ਬਣ ਕੇ ਰਾਜਸੀ ਅਤੇ ਧਾਰਮਿਕ ਖੇਤਰ ਵਿੱਚ ਮੁਕਾਬਲਤਨ ਚੰਗੇ ਦੇ ਹਾਲਾਤ ਸਿਰਜ ਸਕਦੇ ਸਨ । ਪਰ ਸਿਆਸੀ ਕਾਬਲੀਅਤ ਅਤੇ ਆਪਸੀ ਇਤਫ਼ਾਕ ਦੀ ਕਮੀ ਕਾਰਨ ਉਹਨਾਂ ਉਹ ਸਾਰੇ ਮੌਕੇ ਗਵਾ ਲਏ ਹਨ ।
ਭਵਿੱਖ ਵਿੱਚ ਰਵਾਇਤੀ ਅਤੇ ਗਰਮਦਲੀ ਸਿਆਸਤ ਦੇ ਸਥਾਪਤ ਧੜਿਆਂ ਅਤੇ ਆਗੂਆਂ ਤੋਂ ਕੋਈ ਵੱਡੀ ਆਸ ਰੱਖਣੀ,ਕਿਸੇ ਹੋਰ ਨਿਰਾਸ਼ਤਾ ਨੂੰ ਜਨਮ ਦੇਵੇਗੀ ।ਪਰ ਮੁਕਾਬਲਤਨ ਚੰਗੇ ਦਾ ਟੀਚਾ ਰੱਖ ਕੇ ਕਿਸੇ ਮਜ਼ਬੂਤ ਪੰਥਕ ਮੁਹਾਜ਼ ਦੀ ਸਥਾਪਤੀ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ । ਸਿੱਖਾਂ ਵਿੱਚ ਆ ਚੁੱਕੇ ਨੈਤਿਕ ਅਤੇ ਬੌਧਿਕ ਨਿਘਾਰ ਦੇ ਹੱਲ ਲਈ ਇਖਲਾਕ ਦੀ ਬੁਲੰਦੀ ਵਾਲੀਆਂ ਰੂਹਾਂ ਨੂੰ ਇੱਕ ਹੋਰ ਸਿੱਖ ਲਹਿਰ ਸਿਰਜਣੀ ਪਵੇਗੀ। ਚੁਨੌਤੀਆਂ ਦੇ ਹਾਣ ਦਾ ਪੰਥਕ ਜਜ਼ਬਾ ਅਤੇ ਇਖਲਾਕ ਸਿਰਜ ਕੇ ਹੀ ਪੰਥਕ ਟੀਚਿਆਂ ਦੀ ਪ੍ਰਾਪਤੀ ਹੋ ਸਕਦੀ ਹੈ ।
