Big news amidst Congress’s infighting! Rahul Gandhi may come to Punjab
ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ ਆ ਸਕਦੇ ਨੇ ਰਾਹੁਲ ਗਾਂਧੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਕਾਂਗਰਸ ਦੇ ਚੱਲ ਰਹੇ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਅਜੇ ਤੱਕ ਕਿਸੇ ਨੂੰ ਵੀ ਸਫ਼ਲਤਾ ਨਹੀਂ ਮਿਲੀ ਹੈ। ਉਥੇ ਹੀ ਰਾਹੁਲ ਗਾਂਧੀ ਵੱਲੋਂ ਸਿੱਧੇ ਇਸ ਮਾਮਲੇ ‘ਤੇ ਨਜ਼ਰ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਸਿਲਸਿਲੇ ‘ਚ ਰਾਹੁਲ ਗਾਂਧੀ ਪੰਜਾਬ ਦਾ ਦੌਰਾ ਵੀ ਕਰ ਸਕਦੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਇਸੇ ਮਹੀਨੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਉਹ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਜੇਕਰ ਰਾਹੁਲ ਪੰਜਾਬ ਦਾ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੀ ਇਹ ਫੇਰੀ ਕਾਫ਼ੀ ਅਹਿਮ ਰਹਿਣ ਵਾਲੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਦੋ ਵੱਖ-ਵੱਖ ਧੜੇ ਬਣ ਜਾਣ ਦੇ ਮੁੱਦੇ ਨੂੰ ਹੱਲ ਕਰਨ ਲਈ ਕਾਂਗਰਸ ਹਾਈਕਮਾਂਡ ਪਹਿਲੇ ਵੀ ਕੋਸ਼ਿਸ਼ਾਂ ਕਰ ਚੁੱਕੀ ਹੈ। ਬੀਤੇ ਦਿਨੀਂ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਇਸੇ ਲਈ ਪੰਜਾਬ ਦੇ ਦੌਰੇ ‘ਤੇ ਭੇਜਿਆ ਗਿਆ ਸੀ। ਇਸ ਤੋਂ ਬਾਅਦ ਫ਼ਿਰ ਉਨ੍ਹਾਂ ਅਤੇ ਰਾਜਾ ਵੜਿੰਗ ਦੀ ਅਗਵਾਈ ‘ਚ ‘ਹਰ ਬੂਥ-ਕਾਂਗਰਸ ਮਜ਼ਬੂਤ’ ਮੁਹਿੰਮ ਚਲਾਈ ਗਈ ਪਰ ਇਸ ਮੁਹਿੰਮ ‘ਚ ਕਾਫ਼ੀ ਹੰਗਾਮਾ ਹੋਇਆ। ਇਸ ਮੁਹਿੰਮ ਦੌਰਾਨ ਤਕਰੀਬਨ ਹਰ ਮੀਟਿੰਗ ‘ਚ ਸਮਰਥਕਾਂ ਵੱਲੋਂ ਚੰਨੀ ਦੇ ਹੱਕ ‘ਚ ਨਾਅਰੇ ਲਗਾਏ ਗਏ ਸਨ ਅਤੇ ਰਾਜਾ ਵੜਿੰਗ ਦਾ ਵਿਰੋਧ ਕੀਤਾ ਗਿਆ। ਇਸ ਵਿਚਕਾਰ ਭੂਪੇਸ਼ ਬਘੇਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਚੰਨੀ ਤੇ ਵੜਿੰਗ ਦੇ ਸਮਰਥਕ ਆਹਮੋ-ਸਾਹਮਣੇ ਵੀ ਹੋਏ। ਇਸ ਸਭ ਘਟਨਾਕ੍ਰਮ ਨੇ ਹਾਈਕਮਾਂਡ ਦੀ ਚਿੰਤਾ ਵਧਾ ਦਿੱਤੀ ਅਤੇ ਇਸ ਵਿਚਕਾਰ ਇਹ ਵੀ ਖ਼ਬਰ ਆਈ ਕਿ ਰਾਹੁਲ ਗਾਂਧੀ ਨੇ ਆਪਣੀ ਟੀਮ ਨੂੰ ਖ਼ੁਦ ਫੀਡਬੈਕ ਲੈ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ।

