Big News for Air Travelers: Flights Resume from 32 Airports Across India Including Amritsar
ਹਵਾਈ ਯਾਤਰੀਆਂ ਲਈ ਵੱਡੀ ਖ਼ਬਰ: ਅੰਮ੍ਰਿਤਸਰ ਸਮੇਤ ਭਾਰਤ ਦੇ 32 ਹਵਾਈ ਅੱਡਿਆਂ ਤੋਂ ਮੁੜ ਸ਼ੁਰੂ ਹੋਈਆਂ ਉਡਾਣਾਂ

ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ ਅੱਜ ਸਵੇਰੇ ਭਾਰਤ ਦੇ 32 ਹਵਾਈ ਅੱਡਿਆਂ ਨੂੰ ਮੁੜ ਖੋਲ੍ਹ ਦਿੱਤਾ ਗਿਆ। ਇਸ ਵਿੱਚ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਚੰਡੀਗੜ੍ਹ ਦਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਸ਼ਾਮਲ ਹਨ। ਅੰਮ੍ਰਿਤਸਰ ਹਵਾਈ ਅੱਡੇ ਨੂੰ ਸਵੇਰੇ 10:18 ਵਜੇ ਅਤੇ ਚੰਡੀਗੜ੍ਹ ਹਵਾਈ ਅੱਡੇ ਨੂੰ ਸਵੇਰੇ 10:30 ਵਜੇ ਸਾਰੀਆਂ ਵਪਾਰਕ, ਸਿਵਲ, ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਲਈ ਖੋਲ੍ਹਿਆ ਗਿਆ।
ਇਹ ਹਵਾਈ ਅੱਡੇ 7 ਮਈ ਤੋਂ ਭਾਰਤ-ਪਾਕਿਸਤਾਨ ਤਣਾਅ ਅਤੇ ਆਪਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਬੰਦ ਸਨ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਤੁਰੰਤ ਸਾਰੀਆਂ ਉਡਾਣਾਂ ਸ਼ੁਰੂ ਨਹੀਂ ਹੋਣਗੀਆਂ ਅਤੇ ਹਵਾਈ ਅੱਡਿਆਂ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੀਆਂ ਉਡਾਣਾਂ ਦੀ ਸਥਿਤੀ ਜ਼ਰੂਰ ਜਾਂਚ ਲੈਣ।
ਸੋਸ਼ਲ ਮੀਡੀਆ ’ਤੇ ਯਾਤਰੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ, ਪਰ ਕਈਆਂ ਨੇ ਉਡਾਣਾਂ ਦੀ ਸਮੇਂ-ਸਾਰਣੀ ਵਿੱਚ ਦੇਰੀ ਨੂੰ ਲੈ ਕੇ ਚਿੰਤਾ ਵੀ ਜਤਾਈ।
